ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਿਸਟਰ ਐਂਡ੍ਰਿਊ ਸ਼ੀਅਰ ਕਨੇਡਾ ਦੀ ਕਨਜ਼ਰਵੇਟਿਵ ਪਾਰਟੀ ਅਤੇ ਕਨੇਡਾ ਦੀ ਪਾਰਟਲੀਮੈਂਟ ਵਿਚ ਵਿਰੋਧੀ ਧਿਰ ਦੇ ਲੀਡਰ ਆਪਣੀ ਪਤਨੀ ਮਿਸਜ਼ ਜਿੱਲ ਸ਼ੀਅਰ ਅਤੇ ਉਨ੍ਹਾਂ ਦੇ ਨਾਲ ਮਿਸਟਰ ਬਾਬ ਸਰੋਆ ਕਨੇਡਾ ਦੀ ਪਾਰਲੀਮੈਂਟ ਦੇ ਮੈਂਬਰ ਨੇ ਪਿੰਗਲਵਾੜਾ ਮਾਂਨਾਵਾਲਾ ਬ੍ਰਾਂਚ ਵਿਚ ਫੇਰੀ ਪਾਈ।
ਉਨ੍ਹਾਂ ਦੇ ਆਉਣ ਉਪਰ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਪਿੰਗਲਵਾੜੇ ਦੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਉਨ੍ਹਾਂ ਨੂੰ ਪਿੰਗਲਵਾੜੇ ਬਾਰੇ ਪੂਰੀ ਜਾਣਕਾਰੀ ਦਿਤੀ ਅਤੇ ਦੱਸਿਆ ਕਿ ਪਿੰਗਲਵਾੜੇ ਦੀਆਂ ਵੱਖ-ਵੱਖ ਥਾਂਵਾਂ `ਤੇ ਸੱਤ ਬ੍ਰਾਂਚਾਂ ਹਨ।ਜਿਨ੍ਹਾਂ ਵਿਚ 1800 ਤੋਂ ਵੱਧ ਮਰੀਜ਼ ਹਨ ਜ੍ਹਿਨਾਂ ਵਿਚ ਅਨਾਥ ਬੱਚੇ, ਪਾਗਲ ਔਰਤਾਂ, ਮਰਦ, ਬਜ਼ੁਰਗ ਅਤੇ ਵੱਖ ਵੱਖ ਬਿਮਾਰੀਆਂ ਨਾਲ ਗ੍ਰਸਤ ਮਰੀਜ਼ਾਂ ਦੀ ਦੇਖਭਾਲ ਕੀਤੀ ਜਾਂਦੀ ਹੈ।ਇਸ ਦੇ ਨਾਲ ਪਿੰਗਲਵਾੜਾ ਵਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਦੀ ਜਾਣਕਾਰੀ ਦਿਤੀ।ਉਨ੍ਹਾਂ ਨੂੰ ਇਹ ਵੀ ਦਸਿਆ ਕਿ ਕਨੇਡਾ ਦੀ ਸੰਗਤਾਂ ਵਲੋਂ ਪਿੰਗਲਵਾੜਾ ਸੋਸਾਇਟੀ ਆਫ ਅੰਟਾਰੀਓ ਰਾਹੀਂ ਪਿੰਗਲਵਾੜੇ ਦੇ ਚਾਰ ਸਕੂਲਾਂ ਦਾ ਪੂਰਾ ਖਰਚਾ ਜੋ ਕਿ ਕਰੀਬਨ 4 ਕਰੋੜ ਸਾਲਾਨਾ ਹੈ ਭੇਜਿਆ ਜਾਂਦਾ ਹੈ।ਇਹ ਸਾਰੇ ਸਕੂਲਾਂ ਵਿਚ ਕਰੀਬਨ 1800 ਦੇ ਕਰੀਬ ਗਰੀਬ ਬੱਚੇ ਵਿੱਦਿਆ ਹਾਸਿਲ ਕਰ ਰਹੇ ਹਨ।ਜਿਨ੍ਹਾਂ ਨੂੰ ਬਿਨਾਂ ਕਿਸੇ ਫੀਸ ਲਏ ਪੜ੍ਹਾਇਆ ਜਾਂਦਾ ਹੈ।ਇਸ ਦੇ ਨਾਲ ਹੀ ਇਹ ਸਾਰੇ ਬੱਚਿਆਂ ਦਾ ਕਾਪੀਆਂ, ਕਿਤਾਬਾਂ, ਵਰਦੀ ਅਤੇ ਸਕੂਲ ਬੱਸਾਂ ਦੀ ਸਹੂਲਤ ਵੀ ਪਿੰਗਲਵਾੜੇ ਵਲੋਂ ਦਿਤੀ ਜਾਂਦੀ ਹੈ।ਮਹਿਮਾਨ ਮਨਸੂਈ ਅੰਗ ਕੇਂਦਰ, ਬੱਚਾ ਵਾਰਡ, ਸਪੈਸ਼ਲ ਸਕੂਲ ਅਤੇ ਗੂੰਗੇ ਬੱਚਿਆਂ ਦੇ ਸਕੂਲ ਵਿਚ ਗਏ। 
ਐਡ੍ਰਿਊ ਸ਼ੀਅਰ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਇਸ ਥਾਂ ਤੇ ਆ ਕੇ ਹੋ ਰਹੀ ਸੇਵਾ ਵੇਖ ਕੇ ਬਹੁਤ ਹੀ ਪ੍ਰਭਾਵਿਤ ਹੋਏ ਹਨ।ਉਨ੍ਹਾਂ ਨੇ ਕਿਹਾ ਕਿ ਪਿੰਗਲਵਾੜਾ ਇਕ ਐਸੀ ਸੰਸਥਾ ਹੈ ਜਿਸ ਉੱਪਰ ਪੂਰੀ ਮਨੁੱਖਤਾ ਨੂੰ ਮਾਨ ਹੋਣਾ ਚਾਹੀਦਾ ਹੈ।ਇਹ ਰੱਬ ਦਾ ਘਰ ਹੈ, ਜਿਸ ਥਾਂ ਸਮਾਜ ਵਲੋਂ ਦੁਰਕਾਰੇ ਅਤੇ ਲਾਵਾਰਸ ਲੋਕਾਂ ਦੀ ਦੇਖਭਾਲ ਕਰਕੇ ਉਨ੍ਹਾਂ ਨੂੰ ਇਕ ਇੱਜ਼ਤਦਾਰ ਜ਼ਿੰਦਗੀ ਬਤੀਤ ਕਰਨ ਦਾ ਮੌਕਾ ਮਿਲਦਾ ਹੈ।ਉਨ੍ਹਾਂ ਨੇ ਡਾ. ਇੰਦਰਜੀਤ ਕੌਰ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਨ੍ਹਾਂ ਮਹਾਨ ਕਾਰਜਾਂ ਲਈ ਵਧਾਈ ਦਿੰਦੇ ਹੋਏ ਉਮੀਦ ਜ਼ਾਹਿਰ ਕੀਤੀ ਕਿ ਪਿੰਗਲਵਾੜਾ ਸੰਸਥਾ ਮਨੁੱਖੀ ਭਲਾਈ ਲਈ ਕੀਤੇ ਕਾਰਜਾਂ ਦਵਾਰਾ ਵਿਸ਼ਵ ਭਰ ਵਿਚ ਇਕ ਨਿਵੇਕਲਾ ਸਥਾਨ ਪ੍ਰਾਪਤ ਕਰ ਰਿਹਾ ਹੈ।
ਇਸ ਮੌਕੇ ਪਿੰਗਲਵਾੜਾ ਦੇ ਡਾ. ਜਗਦੀਪਕ ਸਿੰਘ ਉਪ ਪ੍ਰਧਾਨ, ਰਾਜਬੀਰ ਸਿੰਘ ਕੁਦਰਤੀ ਖੇਤੀ ਇੰਚਾਰਜ, ਡਾ. ਸਰਬਜੀਤ ਸਿੰਘ ਛੀਨਾ, ਗਰੁਪ ਕੈਪਟਨ ਰਜਿੰਦਰਪਾਲ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ ਪਿੰਗਲਵਾੜਾ ਜੈ ਸਿੰਘ ਮਾਨਾਂਵਾਲਾ ਅਤੇ ਯੋਗੇਸ਼ ਸੂਰੀ ਹਾਜਿਰ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media