ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਅੰਮ੍ਰਿਤਸਰ ਜਿਲ੍ਹੇ ਵਿਚ ਚੱਲ ਰਹੀ ਝੋਨੇ ਦੀ ਖਰੀਦ ਅਤੇ ਜਨਤਕ ਵੰਡ ਪ੍ਰਣਾਲੀ ਅਧੀਨ ਲੋੜਵੰਦਾਂ ਨੂੰ
ਸਸਤੇ ਮੁੱਲ ’ਤੇ ਦਿੱਤੇ ਜਾ ਰਹੇ ਰਾਸ਼ਨ ਦਾ ਜਾਇਜ਼ਾ ਲੈਣ ਲਈ ਚੇਅਰਮੈਨ ਫੂਡ ਕਮਿਸ਼ਨ ਪੰਜਾਬ ਡੀ.ਪੀ ਰੈਡੀ ਵੱਲੋਂ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਮੀਟਿੰਗ ਵਿਚ ਮਿਸ ਮੋਨਾ ਥਿੰਦ ਡਿਪਟੀ ਡਾਇਰੈਕਟਰ ਫੀਲਡ ਜਲੰਧਰ ਡਵੀਜ਼ਨ, ਸ੍ਰੀਮਤੀ ਰਜਨੀਸ਼ ਕੌਰ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਵਧੀਕ ਕੰਟਰੋਲਰ ਲਖਵਿੰਦਰ ਸਿੰਘ, ਖੁਰਾਕ ਤੇ ਸਪਲਾਈ ਅਫਸਰ ਅਮਰਿੰਦਰ ਸਿੰਘ ਵੀ ਹਾਜ਼ਰ ਸਨ।
ਰੈਡੀ ਨੇ ਝੋਨੇ ਦੀ ਖਰੀਦ ਸਬੰਧੀ ਜਾਇਜ਼ਾ ਲੈਂਦੇ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਝੋਨੇ ਦਾ ਸਰਕਾਰੀ ਮੁੱਲ ਮਿਲਣਾ ਚਾਹੀਦਾ ਹੈ ਅਤੇ ਕਿਸੇ ਕਿਸਾਨ ਨੂੰ ਮੰਡੀ ਵਿਚ ਮੁਸ਼ਿਕਲ ਨਹੀਂ ਆਉਣੀ ਚਾਹੀਦੀ।ਡੀ.ਐਫ.ਐਸ.ਸੀ ਸ੍ਰੀਮਤੀ ਰਜਨੀਸ਼ ਕੌਰ ਨੇ ਦੱਸਿਆ ਕਿ ਜਿਲ੍ਹੇ ਵਿਚ 228303 ਮੀਟਰਕ ਟਨ ਝੋਨੇ ਦੀ ਖਰੀਦ ਵੱਖ-ਵੱਖ ਖਰੀਦ ਏਜੰਸੀਆਂ ਨੇ ਕੀਤੀ ਹੈ, ਜਿਸ ਵਿਚੋਂ 184416 ਮੀਟਰਕ ਟਨ ਝੋਨੇ ਦੀ ਚੁਕਾਈ ਵੀ ਕਰਵਾਈ ਜਾ ਚੁੱਕੀ ਹੈ, ਜੋ ਕਿ ਕੁੱਲ ਖਰੀਦ ਦਾ ਕਰੀਬ 87 ਫੀਸਦੀ ਬਣਦੀ ਹੈ।ਝੋਨੇ ਦੀ ਅਦਾਇਗੀ ਬਾਰੇ ਪੁੱਛੇ ਜਾਣ ’ਤੇ ਉਨਾਂ ਦੱਸਿਆ ਕਿ ਕਿਸਾਨਾਂ ਨੂੰ ਲਗਭਗ 77 ਫੀਸਦੀ ਝੋਨੇ ਦੀ ਅਦਾਇਗੀ ਵੀ ਏਜੰਸੀਆਂ ਵੱਲੋਂ ਕੀਤੀ ਗਈ ਹੈ ਅਤੇ ਬਾਕੀ ਅਦਾਇਗੀ ਛੁੱਟੀ ਆਉਣ ਕਾਰਨ ਰੁੱਕੀ ਸੀ, ਉਹ ਵੀ ਇਕ-ਦੋ ਦਿਨਾਂ ਵਿਚ ਕਰ ਦਿੱਤੀ ਜਾਵੇਗੀ।
ਉਨਾਂ ਦੱਸਿਆ ਕਿ ਜਿਲ੍ਹੇ ਵਿਚ ਝੋਨੇ ਵੇਚਣ ਨੂੰ ਲੈ ਕੇ ਕਿਧਰੇ ਕੋਈ ਸਮੱਸਿਆ ਨਹੀਂ ਆਈ ਅਤੇ ਆਸ ਹੈ ਕਿ ਨਵੰਬਰ ਦੇ ਪਹਿਲੇ ਪੰਦਰਵਾੜੇ ਵਿਚ ਬਹੁਤੀ ਮਾਤਰਾ ਵਿੱਚ ਝੋਨਾ ਸਾਂਭ ਲਿਆ ਜਾਵੇਗਾ।
ਇਸੇ ਦੌਰਾਨ ਸ੍ਰੀ ਰੈਡੀ ਨੇ ਸਪੱਸ਼ਟ ਕੀਤਾ ਕਿ ਜਨਤਕ ਵੰਡ ਪ੍ਰਣਾਲੀ ਅਧੀਨ ਵੰਡਿਆ ਜਾਣ ਵਾਲਾ ਰਾਸ਼ਨ ਕੇਵਲ ਤੇ ਕੇਵਲ ਈ-ਪੋਜ਼ ਪੋਰਟਲ ਅਤੇ ਬਾਈਓਮੈਟਰਿਕ ਪ੍ਰੋਸੈਸ ਰਾਹੀਂ ਕੀਤਾ ਜਾਣਾ ਹੈ ਅਤੇ ਇਸ ਵਿਚ ਸੁਧਾਰ ਲਿਆਉਣ ਦੇ ਵੱਧ ਤੋਂ ਵੱਧ ਯਤਨ ਕੀਤੇ ਜਾਣ।ਉਨਾਂ ਦੱਸਿਆ ਕਿ ਇਸ ਵੰਡ ਪ੍ਰਣਾਲੀ ਨਾਲ ਜਦੋਂ ਤੋਂ ਵੰਡ ਸ਼ੁਰੂ ਹੋਈ ਹੈ, ਉਸ ਸਮੇਂ ਤੋਂ ਬਾਅਦ ਵਿਭਾਗ ਨੂੰ ਕੰਮ ਪ੍ਰਤੀ ਕੋਈ ਸ਼ਿਕਾਇਤ ਵੀ ਪ੍ਰਾਪਤ ਨਹੀਂ ਹੋਈ।ਮੀਟਿੰਗ ਦੌਰਾਨ ਸੰਦੀਪ ਸਿੰਘ, ਸੌਰਭ ਮਹਾਜਨ, ਅਰਸ਼ਦੀਪ ਸਿੰਘ ਅਤੇ ਹੋਰ ਫੀਲਡ ਅਧਿਕਾਰੀ ਵੀ ਹਾਜ਼ਰ ਸਨ, ਜਿਨਾ ਕੋਲੋਂ ਚੇਅਰਮੈਨ ਨੇ ਵੰਡ ਪ੍ਰਣਾਲੀ ਬਾਰੇ ਸ਼ਿਕਾਇਤਾਂ ਤੇ ਸੁਝਾਅ ਲਏ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media