ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਪੰਜਾਬ ਸਰਕਾਰ ਵੱਲੋਂ ਜਿੱਥੇ ਕਿਸਾਨਾਂ, ਕਿਸਾਨ ਸਮੂਹਾਂ ਅਤੇ ਸਹਿਕਾਰੀ ਸਭਾਵਾਂ ਨੂੰ ਪਰਾਲੀ ਬਿਨਾਂ
ਸਾੜੇ ਖੇਤਾਂ ਵਿਚ ਮਿਲਾਉਣ ਜਾਂ ਸਾਂਭਣ ਲਈ ਸਬਸਿਡੀ ’ਤੇ ਨਵੇਂ ਸੰਦ ਦਿੱਤੇ ਜਾ ਰਹੇ ਹਨ, ਉਥੇ ਅਜਿਹੀ ਮਸ਼ੀਨਰੀ ਕਿਰਾਏ ’ਤੇ ਲੈਣ ਲਈ ‘ਆਈ ਖੇਤ ਮਸ਼ੀਨ’ ਮੋਬਾਈਲ ਐਪ ਵੀ ਲਾਂਚ ਕੀਤਾ ਗਿਆ ਹੈ, ਜਿਸ ਵਿਚ ਹਰੇਕ ਇਲਾਕੇ ਵਿਚ ਕਿਰਾਏ ’ਤੇ ਮੌਜੂਦ ਮਸ਼ੀਨਰੀ ਦਾ ਵੇਰਵਾ ਅਤੇ ਸੰਪਰਕ ਨੰਬਰ ਦਿੱਤੇ ਗਏ ਹਨ, ਤਾਂ ਜੋ ਕਿਸਾਨ ਕਿਰਾਏ ’ਤੇ ਇਹ ਸੰਦ ਲੈ ਕੇ ਆਪਣੇ ਖੇਤ ਦੀ ਪਰਾਲੀ ਅਸਾਨੀ ਨਾਲ ਸਾਂਭ ਸਕੇ।ਇਸ ਸਬੰਧੀ ਜਾਣਕਾਰੀ ਦਿੰਦੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਇਸ ਮੋਬਾਇਲ ਐਪ ਰਾਹੀਂ ਕਿਰਾਏ ’ਤੇ ਸੰਦ ਲੈਣ ਦੇ ਚਾਹਵਾਨ ਕਿਸਾਨ ਆਪਣੇ ਨੇੜੇ ਦੇ ਖੇਤਰਾਂ ਵਿਚ ਮੌਜੂਦ ਸੰਦਾਂ ਦਾ ਪਤਾ ਲਗਾ ਸਕਦੇ ਹਨ ਅਤੇ ਉਕਤ ਸੰਦਾਂ ਦੇ ਮਾਲਕ ਕਿਸਾਨਾਂ, ਸਹਿਕਾਰੀ ਸਭਾਵਾਂ ਜਾਂ ਕਿਸਾਨ ਸਮੂਹਾਂ ਨਾਲ ਫੋਨ ’ਤੇ ਗੱਲ ਕਰਕੇ ਆਪਣੀ ਜ਼ਰੂਰਤ ਅਨੁਸਾਰ ਮੰਗਵਾ ਸਕਦੇ ਹਨ।
ਜ਼ਿਲਾ ਖੇਤੀਬਾੜੀ ਅਫਸਰ ਛੀਨਾ ਨੇ ਦੱਸਿਆ ਕਿ ਇਹ ਮੋਬਾਇਲ ਐਪਲੀਕੇਸ਼ਨ ਗੁਗਲ ਪਲੇਅ ਸਟੋਰ ਤੋਂ ਮੁਫਤ ਡਾਉਨਲੋਡ ਕੀਤੀ ਜਾ ਸਕਦੀ ਹੈ। ਇਹ ਕਿਸਾਨ ਦੀ ਸਥਿਤੀ ਦਾ ਅੰਦਾਜਾ ਲਗਾ ਕੇ ਉਸਦੇ ਆਸਪਾਸ ਦੇ 10-15 ਕਿਲੋਮੀਟਰ ਦੇ ਘੇਰੇ ਵਿਚ ਕਿਰਾਏ ’ਤੇ ਦੇਣ ਲਈ ਉਪਲਬੱਧ ਸੰਦਾਂ ਦੀ ਸੂਚਨਾ ਮੁਹਈਆ ਕਰਵਾਉਂਦੀ ਹੈ। ਉਨਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਮੋਬਾਇਲ ਐਪ ਦਾ ਲਾਭ ਲੈਣ ਦਾ ਸੱਦਾ ਦਿੰਦਿਆ ਕਿਹਾ ਕਿ ਪਰਾਲੀ, ਜੋ ਕਿ ਲੰਮੇ ਸਮੇਂ ਤੱਕ ਖੇਤ ਨੂੰ ਉਪਜਾਊ ਕਰ ਸਕਣ ਵਾਲੀ ਜੈਵਿਕ ਖਾਦ ਹੈ, ਨੂੰ ਅੱਗ ਨਾ ਲਗਾਈ ਜਾਵੇ ਅਤੇ ਇਸ ਦੀਆਂ ਗੰਢਾਂ ਬਣਾ ਕੇ ਇਸ ਨੂੰ ਬਾਹਰ ਕੱਢ ਦਿੱਤਾ ਜਾਵੇ ਜਾਂ ਖੇਤ ਵਿਚ ਖਿਲਾਰ ਕੇ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰ ਦਿੱਤੀ ਜਾਵੇ।
ਜਿਲਾ ਖੇਤੀਬਾੜੀ ਅਫਸਰ ਨੇ ਕਿਹਾ ਕਿ ਪਰਾਲੀ ਨੂੰ ਖੇਤ ਵਿਚ ਮਿਲਾਉਣ ਨਾਲ ਲੰਬੇ ਸਮੇਂ ਵਿਚ ਕਿਸਾਨ ਨੂੰ ਵੱਡੀ ਬਚਤ ਹੀ ਹੁੰਦੀ ਹੈ, ਕਿਉਂਕਿ ਪਰਾਲੀ ਸਾੜਨ ਨਾਲ ਕੀਮਤੀ ਕਾਰਬਨਿਕ ਮਾਦਾ ਅਤੇ ਹੋਰ ਪੋਸ਼ਕ ਤੱਤ ਸੜ ਕੇ ਨਸ਼ਟ ਹੋ ਜਾਂਦੇ ਹਨ ਅਤੇ ਜ਼ਮੀਨ ਦੀ ਉਪਜਾਉ ਸ਼ਕਤੀ ਘੱਟ ਜਾਂਦੀ ਹੈ, ਜੋ ਕਿ ਮਹਿੰਗੇ ਮੁੱਲ ਦੀਆਂ ਰਸਾਇਣਕ ਖਾਦਾਂ ਪਾ ਕੇ ਕਿਸਾਨ ਨੂੰ ਪੂਰੀ ਕਰਨੀ ਪੈਂਦੀ ਹੈ। ਉਨਾਂ ਕਿਹਾ ਕਿ ਖੇਤ ਵਿਚ ਜੈਵਿਕ ਮਾਦਾ ਮਿਲਣ ਨਾਲ ਫਸਲਾਂ ਦਾ ਝਾੜ ਵੀ ਵੱਧਦਾ ਹੈ, ਜੋ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media