ਅੰਮ੍ਰਿਤਸਰ, 12 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ‘ਖ਼ਾਲਸਾ ਗਲੋਬਲ ਰੀਚ ਫਾਊਂਡੇਸ਼ਨ ਆਈ.ਐਨ.ਸੀ’ ਦੇ ਪ੍ਰਧਾਨ
ਡਾ. ਬਖਸ਼ੀਸ਼ ਸਿੰਘ ਸੰਧੂ ਵੱਲੋਂ ਭੇਜੀ ਗਈ 8 ਲੱਖ ਦੀ ਮਾਇਕ ਸਹਾਇਤਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਹੋਣਹਾਰ ਤੇ ਆਰਥਿਕ ਤੌਰ ’ਤੇ ਲੋੜਵੰਦ ਵਿਦਿਆਰਥੀਆਂ ਨੂੰ ਵੰਡੀ ਗਈ।
ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡਾ. ਬੀ.ਐਸ ਸੰਧੂ ਜੋ ਕਿ ਕਾਲਜ ਦੇ ਅਲੂਮਨੀ ਹਨ ਅਤੇ ਸਰਹੱਦੀ ਪਿੰਡ ਚੀਚਾ-ਭਕਨਾ ਦੇੇ ਵਸਨੀਕ ਹਨ, ਅੱਜ-ਕੱਲ ਅਮਰੀਕਾ ’ਚ ਰਹਿ ਰਹੇ ਹਨ ਵਲੋਂ 8 ਲੱਖ ਰੁਪਏ ਦੀ ਰਾਸ਼ੀ ਸਕਾਲਰਸ਼ਿਪ ਵਜੋਂ ਭੇਜੀ ਗਈ ਸੀ।ਉਨ੍ਹਾਂ ਕਿਹਾ ਕਿ ਡਾ. ਸੰਧੂ ਵੱਲੋਂ ਪੜ੍ਹਾਈ ’ਚ ਹੁਸ਼ਿਆਰ ਅਤੇ ਜਰੂਰਤਮੰਦ ਵਿਦਿਆਰਥੀਆਂ ਨੂੰ ਇਸ ਸਾਲ ਤੋਂ ਵਜੀਫਾ ਦੇਣ ਦੀ ਕਾਲਜ ’ਚ ਇਕ ਲੜੀ ਵਜੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸੰਧੂ ਦਾ ਕਹਿਣਾ ਹੈ ਕਿ ਅਜੋਕੇ ਯੁਗ ’ਚ ਵਿੱਦਿਆ ਹੀ ਸਭ ਤੋਂ ਵੱਡਾ ਦਾਨ ਤੇ ਲੋਕ ਭਲਾਈ ਦਾ ਸਾਧਨ ਹੈ।
ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਡਾ. ਸੰਧੂ ਦੀ ਪਰਉਪਕਾਰੀ ਭਾਵਨਾ ਦੀ ਬਹੁਤ ਸ਼ਾਲਾਘਾ ਕੀਤੀ ਅਤੇ ਅਜਿਹੇ ਇਨਸਾਨ ਸਮਾਜ ਦੀ ਉਨਤੀ ਲਈ ਪ੍ਰੇਰਣਾਸਰੋਤ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਡਾ. ਸੰਧੂ ਨੇ ਡਾ. ਮਹਿਲ ਸਿੰਘ ਨੂੰ ਇੱਛਾ ਜਾਹਿਰ ਕੀਤੀ ਸੀ ਕਿ ਇਹ ਪੈਸੇ ਵਿਦਿਆਰਥੀਆਂ ਦੇ ਫ਼ੀਸ ਅਕਾਊਂਟ ’ਚ ਜਮ੍ਹਾਂ ਕਰਵਾਏ ਜਾਣ ਤਾਂ ਕਿ ਉਨ੍ਹਾਂ ਨੂੰ ਫ਼ੀਸ ਦੇਣ ’ਚ ਸਹੂਲਤ ਹੋ ਸਕੇ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਵੱਖ-ਵੱਖ ਕਲਾਸਾਂ ਦੇ ਤਕਰੀਬਨ 80 ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ 10,000/- ਰੁਪਏ ਦੇ ਹਿਸਾਬ ਨਾਲ ਕੁੱਲ 8 ਲੱਖ ਰੁਪਏ ਵੰਡੇ ਗਏ ਹਨ ਜੋ ਉਨ੍ਹਾਂ ਦੇ ਫ਼ੀਸਾਂ ਦੇ ਅਕਾਊਂਟ ’ਚ ਜਮ੍ਹਾਂ ਕਰਵਾ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਕਾਲਜ ਵੱਲੋਂ ਇਤਲਾਹ ਕਰ ਦਿੱਤੀ ਗਈ ਹੈ।ਇਸ ਮੌਕੇ ਕਾਲਜ ਦੇ ਸਮੂਹ ਸਟਾਫ ਨੇ ਡਾ. ਸੰਧੂ ਦੇ ਲੋੜਵੰਦ ਵਿਦਿਆਰਥੀਆਂ ਪ੍ਰਤੀ ਦਿੱਤੀ ਵਿੱਤੀ ਸਹਾਇਤਾ ਦੀ ਭਰਪੂਰ ਪ੍ਰਸੰਸ਼ਾ ਕੀਤੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media