Saturday, March 14, 2026

ਬਲਾਕ ਪਠਾਨਕੋਟ `ਚ ਪਸਾਰ ਸੇਵਾਵਾਂ ਨੂੰ ਮਜ਼ਬੂਤ ਕਰਨ 97 ਕਿਸਾਨ ਮਿੱਤਰ ਨਿਯੁੱਕਤ – ਡਾ. ਅਮਰੀਕ ਸਿੰਘ

PUNJ2911201812ਪਠਾਨਕੋਟ, 29 ਨਵੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ `ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਚਲਾਈ ਜਾ ਰਹੀ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਤਹਿਤ ਨਿਯੁੱਕਤ ਕਿਸਾਨ ਮਿਤਰਾਂ ਲਈ ਵਿਸ਼ੇਸ਼ ਸਿਖਲਾਈ ਕੈਂਪ ਸਥਾਨਕ ਖੇਤੀਬਾੜੀ ਦਫਤਰ `ਚ ਲਗਾਇਆ।ਜਿਸ ਵਿੱਚ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ (ਹੈ.ਕੁ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਪ੍ਰਧਾਨਗੀ ਡਾ. ਅਮਰੀਕ ਸਿੰਘ ਇੰਚਾਰਜ ਬਲਾਕ ਟੈਕਨੀਕਲ ਟੀਮ-ਕਮ-ਬਲਾਕ ਖੇਤੀਬਾੜੀ ਅਫਸਰ ਨੇ ਕੀਤੀ।
ਡਾ. ਰਜਿੰਦਰ ਕੁਮਾਰ ਖੇਤੀਬਾੜੀ ਅਫਸਰ ਧਾਰਕਲਾਂ, ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਗੁਰਦਿੱਤ ਸਿੰਘ, ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ, ਹਰਪ੍ਰੀਤ ਸਿੰਘ ਡਿਪਟੀ ਪੀ.ਡੀ,  ਲਵ ਕੁਮਾਰ ਬਲਾਕ ਟੈਕਨਾਲੋਜੀ ਮੈਨੇਜ਼ਰ, ਸੁਦੇਸ਼ ਕੁਮਾਰ, ਅੰਸ਼ੁਮਨ ਸ਼ਰਮਾ, ਨਿਰਪਜੀਤ ਸਿੰਘ, ਮਨਜੀਤ ਕੌਰ ਖੇਤੀਬਾੜੀ ਉਪ ਨਿਰੀਖਕ, ਸ਼ਿਵ ਦਾਸ, ਸਤਨਾਮ ਸਿੰਘ ਬੋਪਾਰਾਏ ਜੰਗਲਾ ਰੇਂਜ ਅਫਸਰ, ਅਮਰਜੀਤ ਸਿੰਘ ਰਾਜਪਰੂਰਾ, ਜੀਤ ਰਾਜ, ਸਤਪਾਲ ਸਿੰਘ, ਸੰਸਾਰ ਸਿੰਘ, ਬਚਨ ਲਾਲ ਅਸਲਾਮਪੁਰ ਅਤੇ ਸਮੂਹ ਖੇਤੀਬਾੜੀ ਸਟਾਫ ਸਮੇਤ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਮਿੱਤਰ ਹਾਜ਼ਰ ਸਨ।
              ਕਿਸਾਨ ਮਿੱਤਰਾਂ ਨੂੰ ਸੰਬੋਧਨ ਕਰਦਿਆਂ ਡਾ. ਹਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਕੇਂਦਰੀ ਪ੍ਰਯੋਜਿਤ ਸਕੀਮ ਨੈਸ਼ਨਲ ਮਿਸ਼ਨ ਆਨ ਸਸਟੇਨਏਬਲ ਐਗਰੀਕਲਚਰ ਤਹਿਤ ਨਿਯੁੱਕਤ ਕਿਸਾਨ ਮਿੱਤਰਾਂ ਦੇ ਵਿਸ਼ੇਸ਼ ਜਾਗਰੁਕਤਾ ਕੈਂਪ ਲਗਾਉਣ ਦਾ ਮੁੱਖ ਮਕਸਦ ਖੇਤੀਬਾੜੀ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਕਿਸਾਨ ਭਲਾਈ ਸਕੀਮਾਂ ਤੋਂ ਜਾਣੂ ਕਰਵਾਉਣਾ ਹੈ।ਉਨਾਂ ਕਿਹਾ ਕਿ ਕਿਸਾਨ ਮਿੱਤਰ ਜ਼ਿਲੇ ਅੰਦਰ ਪਸਾਰ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰ ਰਹੇ ਹਨ।ਕਿਸਾਨ ਮਿੱਤਰ, ਕਿਸਾਨਾਂ ਅਤੇ ਖੇਤੀਬਾੜੀ ਅਧਿਕਾਰੀਆਂ ਦਰਮਿਆਨ ਇੱਕ ਕੜੀ ਦਾ ਕੰਮ ਕਰ ਸਕਦੇ ਹਨ।ਉਨਾਂ ਕਿਹਾ ਕਿ ਜ਼ਿਲੇ ਅੰਦਰ 421 ਪਿੰਡਾਂ ਵਿੱਚ ਕੁੱਲ 210 ਕਿਸਾਨ ਮਿੱਤਰ ਨਿਯੁੱਕਤ ਕੀਤੇ ਹਨ, ਜੋ ਵਲੰਟੀਅਰ ਤੌਰ `ਤੇ ਖੇਤੀ ਮਾਹਿਰਾਂ ਦੁਆਰਾ ਵਿਕਸਤ ਖੇਤੀ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਡਾ. ਅਮਰੀਕ ਸਿੰਘ ਨੇ ਕਿਹਾ ਕਿ ਬਲਾਕ ਪਠਾਨਕੋਟ (ਪੁਰਾਣਾ) ਵਿੱਚ ਸ਼ਾਮਿਲ 194 ਪਿੰਡਾਂ ਵਿੱਚ 97 ਕਿਸਾਨ ਮਿੱਤਰ ਨਿਯੁੱਕਤ ਕੀਤੇ ਹਨ।
ਡਾ. ਮਨਦੀਪ ਕੌਰ ਨੇ ਕਿਹਾ ਕਿ ਪਿਛੇਤੀ ਕਣਕ ਦੀ ਬਿਜਾਈ ਲਈ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਕਣਕ ਦੀ ਫਸਲ ਜ਼ਿਆਦਾ ਪਿਛੇਤੀ ਬੀਜ਼ਣ ਦੀ ਬਜਾਏ ਰਾਜਮਾਂਹ, ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਕਰਕੇ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।ਉਨਾਂ ਕਿਹਾ ਕਿ ਅੱਧੀ ਯੂਰੀਆ, ਸਾਰੀ ਡਾਇਆ ਅਤੇ ਪੋਟਾਸ਼ ਕਣਕ ਦੀ ਬਿਜਾਈ ਸਮੇਂ ਪਾ ਦੇਣੀ ਚਾਹੀਦੀ ਹੈ ਅਤੇ ਬਾਕੀ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਹਿਲੇ ਅਤੇ ਦੂਜੇ ਪਾਣੀ ਤੋਂ 7 ਦਿਨ ਪਹਿਲਾਂ ਜਾਂ 5 ਦਿਨ ਬਾਅਦ ਪਾ ਦਿਉ।ਉਨਾਂ ਕਿਹਾ ਕਿ ਯੂਰੀਆ ਖਾਦ ਪਾਣੀ ਲਾਉਣ ਤੋਂ ਪਹਿਲਾਂ ਪਾਈ ਜਾਵੇ ਤਾਂ ਅਸਰ ਜਲਦੀ ਤੇ ਵੱਧ ਕਰਦੀ ਹੈ।ਸਤਨਾਮ ਸਿੰਘ ਬੋਪਾਰਾਏ ਜੰਗਲਾਤ ਰੇਂਜ ਅਫਸਰ ਨੇ ਫਸਲਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਕੰਡਿਆਲੀ ਤਾਰ ਸਕੀਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। 

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply