ਭੀਖੀ/ ਮਾਨਸਾ, 21 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵਲੋਂ
ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿੱਥੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਲੁਧਿਆਣਾ ਡਾ. ਗੁਰਮੀਤ ਸਿੰਘ ਬੁੱਟਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।
ਮੀਟਿੰਗ ਦੌਰਾਨ ਪ੍ਰੋਫੈਸਰ (ਪਸ਼ੂ ਵਿਗਿਆਨ) ਡਾ. ਭਰਤ ਸਿੰਘ ਨੇ ਸਾਲ 2018-19 ਦੌਰਾਨ ਲਗਾਏ ਗਏ ਕਿੱਤਾਮੁਖੀ ਸਿਖਲਾਈ ਕੋਰਸ, ਪ੍ਰਦਰਸ਼ਨੀਆਂ, ਖੇਤ ਤਜ਼ਰਬੇ, ਗਿਆਨ ਵਧਾਉ ਯਾਤਰਾ, ਖੇਤ ਦਿਵਸ, ਸਰਵੇਖਣ, ਕਿਸਾਨ ਸਿਖਲਾਈ ਕੈਂਪ, ਮੁਹਿੰਮ, ਮੋਬਾਈਲ ਖੇਤੀ ਸੁਨੇਹੇ ਆਦਿ ਪਸਾਰ ਗਤੀਵਿਧਿਆਂ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਅਤੇ ਸਹਾਇਕ ਪ੍ਰੋਫੈਸਰ ਡਾ ਗੁਰਦੀਪ ਸਿੰਘ ਦੁਆਰਾ 2019-20 ਲਈ ਉਲੀਕੇ ਸਿਖਲਾਈ ਪ੍ਰੋਗਰਾਮਾਂ ਬਾਰੇ ਰਿਪੋਰਟ ਪੇਸ਼ ਕੀਤੀ ਗਈ।
ਡਾ. ਭਰਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਤਕਰੀਬਨ 27 ਲੱਖ ਰੁਪਏ ਮੁੱਲ ਦੀ ਕਣਕ, ਝੋਨੇ, ਬਾਸਮਤੀ, ਮੁੰਗਫਲੀ, ਸਬਜ਼ੀਆਂ ਆਦਿ ਦੇ ਸੁਧਰੇ ਬੀਜ ਕਿਸਾਨਾਂ ਨੂੰ ਉਪਲੱਬਧ ਕਰਵਾਏ ਗਏ ਹਨ।ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਲੋਂ ਬਾਇੳ ਖਾਦ, ਧਾਤਾਂ ਦਾ ਚੂਰਾ, ਪਸ਼ੂ ਚਾਟ, ਸ਼ਹਿਦ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਵੀ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਗਿਆ।
ਉਹਨਾਂ ਨੇ ਕਿਸਾਨਾਂ ਨੂੰ ਮੁਰਗੀ ਪਾਲਣ, ਬੱਕਰੀ ਪਾਲਣ, ਡੇਅਰੀ, ਮਧੀ-ਮੱਖੀ ਪਾਲਣ ਆਦਿ ਕਿੱਤੇ ਅਪਣਾਉਣ ਲਈ ਪ੍ਰੇਰਿਆ।ਉਨ੍ਹਾਂ ਕੁਦਰਤੀ ਸੋਮੇਂ-ਮਿੱਟੀ ਅਤੇ ਪਾਣੀ ਦੀ ਸੰਭਾਲ ਲਈ ਹੋਰ ਵਧੇਰੇ ਕੰਮ ਕਰਨ ਅਤੇ ਪ੍ਰੋਗਰਾਮ ਉਲੀਕਣ ਲਈ ਹਦਾਇਤ ਦਿੱਤੀ।ਉਨ੍ਹਾਂ ਕਿਹਾ ਕਿ ਕੀਟਨਾਸ਼ਕਾਂ ਦੀ ਵਰਤੋਂ ਘਟਾਉਣ ਲਈ ਸਰਵਪੱਖੀ ਕੀਟ ਪ੍ਰਬੰਧ ਅਪਨਾਉਣ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਲਈ ਪੱਤਾ ਰੰਗ ਚਾਰਟ, ਪਾਣੀ ਦੀ ਬਚਤ ਲਈ ਟੈਂਸ਼ਿਉਮੀਟਰ ਦੀ ਵਰਤੋਂ, ਕਣਕ ਦੀ ਬਿਜਾਈ ਲਈ ਹੈਪੀ ਸੀਡਰ ਅਤੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਹੋਰ ਜ਼ਿਆਦਾ ਸਿਖਲਾਈ ਕੋਰਸ, ਖੇਤ ਤਜਰਬੇ ਅਤੇ ਪ੍ਰਦਰਸ਼ਨੀਆਂ ਲਗਾਉਣ ਦੀ ਜ਼ਰੂਰਤ ਉਪਰ ਜੋਰ ਦਿੱਤਾ ਜਾਵੇ।ਉਨ੍ਹਾਂ ਅਮਰੂਦ ਵਿੱਚ ਫ਼ਲ ਦੀ ਮੱਖੀ ਦੀ ਰੋਕਥਾਮ ਲਈ ਸਪਰੇਆਂ ਦੀ ਵਰਤੋਂ ਘਟਾਉਣ ਲਈ ਫਰੂਟ ਫਲਾਈ ਟਰੈਪ ਦੀ ਵਰਤੋਂ ਸੰਬੰਧੀ ਪ੍ਰਦਰਸ਼ਨੀਆਂ ਲਗਾਉਣ ਲਈ ਕਿਹਾ।
ਡਾ. ਬੁੱਟਰ ਅਤੇ ਬਾਕੀ ਅਫ਼ਸਰਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਫਾਰਮ ਵਿਖੇ ਕਣਕ ਅਤੇ ਸਰੋਂ ਦਾ ਬੀਜ਼ ਉਤਪਾਦਨ, ਖੋਜ ਤਜ਼ਰਬਿਆਂ ਅਤੇ ਤਕਨੀਕੀ ਪਾਰਕ ਦਾ ਮੁਆਇਨਾ ਕੀਤਾ।ਇਸ ਮੌਕੇ ਡਾ. ਪੀ.ਪੀ.ਐਸ ਪੰਨੂ, ਵਧੀਕ ਨਿਰਦੇਸ਼ਕ ਖੋਜ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਫ਼ਸਰਾਂ ਨੇ ਵੀ ਸ਼ਿਰਕਤ ਕੀਤੀ
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media