ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਅਧਿਐਨ ਸਕੂਲ ਵਿਖੇ ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ
ਪੰਜਾਬੀ ਦ੍ਰਿਸ਼ ਮਾਧਿਅਮ : ਸਰੋਕਾਰ ਅਤੇ ਸੰਵਾਦ ਵਿਸ਼ੇ ’ਤੇ ਕਰਵਾਇਆ ਗਿਆ।ਸਮਾਗਮ ਦੇ ਆਰੰਭ ਵਿਚ ਡਾ. ਦਰਿਆ ਨੇ ਵਿਸ਼ੇ ਨਾਲ ਜਾਣ-ਪਛਾਣ ਕਰਵਾਉਂਦੇ ਹੋਏ, ਇਸ ਦੇ ਮਹੱਤਵ ਤੇ ਪ੍ਰਸੰਗਿਕਤਾ ’ਤੇ ਰੌਸ਼ਨੀ ਪਾਈ।ਇਸ ਉਪਰੰਤ ਵਿਭਾਗ ਦੇ ਮੁਖੀ ਡਾ. ਰਮਿੰਦਰ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦੱਸਤੇ ਭੇਟ ਕਰਦੇ ਹੋਏ ਜੀ ਆਇਆ ਆਖਿਆ।ਇਸ ਭਾਸ਼ਣ ਦੇ ਵਕਤਾ ਡਾ. ਸਤੀਸ਼ ਵਰਮਾ ਪ੍ਰੋਫ਼ੈਸਰ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਨ।ਡਾ. ਵਰਮਾ ਨੇ ਦ੍ਰਿਸ਼ ਕਾਵਿ ਦੀ ਅਮੀਰ ਵਿਰਾਸਤ ਤੋਂ ਗੱਲ ਆਰੰਭਦੇ ਹੋਏ ਇਸ ਦੀਆਂ ਭਵਿੱਖਮੁਖੀ ਸੰਭਾਵਨਾਵਾਂ ਉੱਤੇ ਬੇਹੱਦ ਭਾਵਪੂਰਤ ਢੰਗ ਨਾਲ ਰੋਸ਼ਨੀ ਪਾਈ। ਉਨ੍ਹਾਂ ਆਖਿਆ ਕਿ ਜਿਵੇਂ ਦੁਨੀਆਂ ਦੀ ਪਹਿਲੀ ਪੁਸਤਕ ਰਿਗਵੇਦ ਦੀ ਰਚਨਾ ਪੰਜਾਬ ਦੀ ਧਰਤੀ ਤੇ ਹੋਈ, ਉਸੇ ਤਰ੍ਹਾਂ ਨਾਟਕ ਦੀ ਵਿਧਾ ਦਾ ਆਰੰਭ ਵੀ ਇਸ ਧਰਤੀ ਤੋਂ ਹੀ ਹੋਇਆ।ਡਾ. ਵਰਮਾ ਨੇ ਆਪਣੇ ਭਾਸ਼ਣ ਦੌਰਾਨ ਪੰਜਾਬੀ ਨਾਟਕ ਦੇ ਆਰੰਭ ਤੋਂ ਲੈ ਕੇ ਇਸ ਦੇ ਵਰਤਮਾਨ ਦ੍ਰਿਸ਼ ਤੱਕ ਦੇ ਬਦਲਦੇ ਪਰਿਪੇਖ ਨੂੰ ਬਾਖ਼ੂਬੀ ਦਰਸਾਇਆ।
ਇਸ ਉਪਰੰਤ ਸ਼੍ਰੋਮਣੀ ਨਾਟਕਕਾਰ ਤੇ ਨਾਟ-ਨਿਰਦੇਸ਼ਕ ਕੇਵਲ ਧਾਲੀਵਾਲ ਨੇ ਨਾਟਕ ਦੀ ਕਲਾਸਿਕੀ ਪਰੰਪਰਾ ਦੇ ਹਵਾਲੇ ਨਾਲ, ਪੰਜਾਬੀ ਨਾਟਕ ਅਤੇ ਫ਼ਿਲਮ ਜਗਤ ਦੀ ਵਰਤਮਾਨ ਦਸ਼ਾ ਤੇ ਦਿਸ਼ਾ ਦਾ ਵਿਸ਼ਲੇਸ਼ਣ ਕੀਤਾ।ਉਨ੍ਹਾਂ ਆਖਿਆ ਕਿ ਕੋਈ ਵੀ ਕਲਾ ਰੂਪ ਸਮਾਜਿਕ ਸਾਰਥਕਤਾ ਤੋਂ ਬਿਨਾਂ ਮਹੱਤਵਹੀਣ ਹੁੰਦਾ ਹੈ।ਉਨ੍ਹਾਂ ਇਸ ਗੱਲ ਉੱਤੇ ਚਿੰਤਾ ਪ੍ਰਗਟਾਈ ਕਿ ਮੌਜੂਦਾ ਪੰਜਾਬੀ ਸਿਨੇਮਾ ਹਲਕੇ ਮਨੋਰੰਜਨ ਤੱਕ ਸੀਮਤ ਹੋ ਕੇ ਰਹਿ ਗਿਆ ਹੈ ਅਤੇ ਜ਼ਿੰਦਗੀ ਦੇ ਸੰਜੀਦਾ ਸਰੋਕਾਰਾਂ ਤੋਂ ਦੂਰ ਹੋ ਚੁੱਕਾ ਹੈ।ਸਮਾਗਮ ਦੇ ਅੰਤ ਵਿਚ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ’ਤੇ ਪੰਜਾਬੀ ਸਾਹਿਤ ਦੇ ਰਸਾਲੇ ਅੱਖਰ ਦੇ ਨਵੇਂ ਅੰਕ ਦਾ ਲੋਕ ਅਰਪਣ ਕੀਤਾ ਗਿਆ।
ਇਸ ਮੌਕੇ ਉੱਤੇ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਹਰਭਜਨ ਸਿੰਘ ਭਾਟੀਆ ਤੋਂ ਇਲਾਵਾ ਡਾ. ਮੇਘਾ ਸਲਵਾਨ, ਡਾ. ਬਲਜੀਤ ਕੌਰ ਰਿਆੜ, ਡਾ. ਸੁਨੀਲ ਕੁਮਾਰ, ਸ਼੍ਰੀ ਪ੍ਰਵੀਨ ਪੁਰੀ, ਡਾ. ਵਿਕਰਮਜੀਤ, ਇੰਦਰੇਸ਼ਮੀਤ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਖੋਜ-ਵਿਦਿਆਰਥੀ ਤੇ ਵਿਦਿਆਰਥੀ ਹਾਜ਼ਰ ਸਨ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media