Wednesday, March 4, 2026

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਜੀ ਦੇ ਜੀਵਨ ਅਤੇ ਫ਼ਲਸਫ਼ੇ ’ਤੇ ਸੈਮੀਨਾਰ

ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਦੇ ਰਹਿਬਰ – ਗਿ: ਹਰਪ੍ਰੀਤ ਸਿੰਘ

PPN1202201923ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਜੀ ਦੇ ਜੀਵਨ ਅਤੇ ਫਲਸਫ਼ੇ ’ਤੇ ਸਕੂਲ ਦੇ ਸੈਮੀਨਾਰ ਹਾਲ ’ਚ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਭਾਸ਼ਣ ਦਿੱਤਾ ਗਿਆ।ਗਿ: ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਅਤੇ ਮਨੁੱਖਤਾ ਦੇ ਰਹਿਬਰ ਸਨ।
    ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਪਦੇਸ਼ ’ਚ ਜਿੱਥੇ ਸੰਸਾਰਿਕ ਸਮੱਸਿਆਵਾਂ ਦਾ ਜਿਕਰ ਕੀਤਾ ਉਥੇ ਹੱਲ ਵੀ ਦੱਸਿਆ ਹੈ।ਅੱਜ ਦਾ ਇਨਸਾਨ ਵਾਸ਼ਨਾਵਾਂ ’ਚ ਭਟਕ ਕੇ ਇਕ-ਦੂਸਰੇ ਦੇ ਨਾਲੋਂ ਅੱਗੇ ਨਿਕਲਣ ਦੀ ਹੋੜ ’ਚ ਗਲਤ ਰਸਤਾ ਅਪਨਾ ਰਿਹਾ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ’ਚ ਦੱਸਿਆ ਹੈ ਕਿ ਮਨੁੱਖ ਝੂਠ ਦੀ ਕੰਧ ਨੂੰ ਢਾਹ ਕੇ ਸੱਚ ਦੇ ਨੇੜੇ ਕਿਵੇਂ ਜਾ ਸਕਦਾ ਹੈ।ਉਨ੍ਹਾਂ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫ਼ਾ ਬ੍ਰਹਿਮੰਡੀ ਵਿਚਾਰਧਾਰਾ ਹੈ।ਗੁਰੂ ਜੀ ਨੇ ਆਪਣੀ ਬਾਣੀ ’ਚ ਜੀਵ-ਜੰਤੂਆਂ ਦੇ ਹੱਕਾਂ ਦੀ ਵੀ ਗੱਲ ਕੀਤੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਅਸੀਂ ਗੁਰੂ ਜੀ ਦੀ ਬਾਣੀ ਪੜ੍ਹ ਕੇ ਹੀ ਉਨ੍ਹਾਂ ਦੇ ਕਰੀਬ ਹੋ ਸਕਦੇ ਹਾਂ ਅਤੇ ਮਾਨਵਤਾ ਦੀ ਭਲਾਈ ਵਾਲਾ ਰਸਤਾ ਅਪਣਾ ਸਕਦੇ ਹਾਂ। ਸਿੰਘ ਸਾਹਿਬ ਗਿ: ਹਰਪ੍ਰੀਤ ਸਿੰਘ ਨੇ ਕਿਹਾ ਕਿ 125 ਸਾਲਾ ਪੁਰਾਤਣ ਇਸ ਸੰਸਥਾ ਦਾ ਮਾਣਮੱਤਾ ਇਤਿਹਾਸ ਹੈ ਅਤੇ ਇਸ ਨੇ ਬੜੇ ਸਿੱਖ ਵਿਦਵਾਨ ਪੈਦਾ ਕੀਤੇ ਹਨ।  
    ਇਸ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਨੂੰ `ਜੀ ਆਇਆ` ਆਖਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣਾ ਤੇ ਕੌਮ ਦੀ ਨੁਮਾਇੰਦਗੀ ਕਰਨੀ ਸਤਿਗੁਰਾਂ ਦੀ ਰਹਿਮਤ ਨਾਲ ਹੀ ਹੋ ਸਕਦੀ ਹੈ। ਡਾ. ਗੋਗੋਆਣੀ ਨੇ ਕਿਹਾ ਕਿ ਸਿੱਖ ਸੰਸਥਾਵਾਂ ਦੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਆਪਣੇ ਸਿੱਖ ਵਿਰਸੇ ਤੋਂ ਜਾਣੂੰ ਕਰਵਾਉਣ।
    ਇਸ ਮੌਕੇ ਸੁਖਦੇਵ ਸਿੰਘ ਅਬਦਾਲ ਸੀਨੀਅਰ ਮੈਂਬਰ ਕੌਂਸਲ, ਸਰਦੂਲ ਸਿੰਘ ਮੰਨਣ ਸਕੱਤਰ ਸਕੂਲਜ਼, ਪ੍ਰਿੰਸੀਪਲ ਡਾ. ਮਹਿਲ ਸਿੰਘ ਖ਼ਾਲਸਾ ਕਾਲਜ, ਪ੍ਰਿੰਸੀਪਲ ਸ੍ਰੀਮਤੀ ਪੁਨੀਤ ਨਾਗਪਾਲ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਬਲਜੀਤ ਸਿੰਘ (ਜ਼ਿਲ੍ਹਾ ਪ੍ਰਧਾਨ), ਪਿਸ਼ੌਰਾ ਸਿੰਘ ਗਿੱਲ ਪੰਜਾਬ ਐਂਡ ਸਿੰਧ ਬੈਂਕ, ਸ੍ਰ ਗੁਰਚਰਨ ਸਿੰਘ, ਡਾ. ਜਤਿੰਦਰ ਕੁਮਾਰ ਕੋਟ ਖ਼ਾਲਸਾ, ਭਾਈ ਜਸਪਾਲ ਸਿੰਘ ਨਿੱਜੀ ਸਹਾਇਕ ਸਿੰਘ ਸਾਹਿਬ ਹਾਜ਼ਰ ਸਨ। ਕੌਂਸਲ ਦੇ ਸੀਨੀਅਰ ਮੈਂਬਰ ਸੁਖਦੇਵ ਸਿੰਘ ਅਬਦਾਲ ਨੇ ਸਿੰਘ ਸਾਹਿਬ ਗਿ: ਹਰਪ੍ਰੀਤ ਸਿੰਘ ਦਾ ਸਕੂਲ ’ਚ ਪਹੁੰਚਣ ’ਤੇ ਧੰਨਵਾਦ ਕੀਤਾ।  

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply