6ਵੇਂ ਪੇਅ ਕਮੀਸ਼ਨ ਤੇ ਡੀ.ਏ ਬਕਾਇਆ ਰਾਸ਼ੀ ਨੂੰ ਲੈ ਕੇ ਕੀਤਾ ਰੋਸ ਮਾਰਚ
ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸ਼ੀਏਸ਼ਨ ਦੇ ਸਮੂਹ ਅਹੁੱਦੇਦਾਰਾਂ ਤੇ
ਮੈਬਰਾਂ ਦੇ ਵਲੋਂ 6ਵੇਂ ਪੇਅ ਕਮੀਸ਼ਨ ਅਤੇ ਡੀ.ਏ ਦੀ ਬਕਾਇਆ ਰਾਸ਼ੀ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਦੀ ਅਗਵਾਈ `ਚ ਯੂਨੀਵਰਸਿਟੀ ਦੇ ਗੈਰ ਅਧਿਆਪਨ ਕਰਮਚਾਰੀਆਂ ਨੇ ਪੰਜਾਬ ਸਰਕਾਰ ਤੇ ਵਿਸ਼ੇਸ ਕਰ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਪਿੱਟ ਸਿਆਪਾ ਕੀਤਾ।ਬਾਰਸ਼ ਤੇ ਕੜਾਕੇ ਦੀ ਸਰਦੀ ਦੇ ਬਾਵਜੂਦ ਵੀ ਕਰਮਚਾਰੀਆਂ ਨੇ ਗਰਮਜੋਸ਼ੀ ਦਿਖਾਉਂਦੇ ਹੋਏ ਜਿੱਥੇ ਪੰਜਾਬ ਸਰਕਾਰ ਦੀ ਇਸ ਨਾਕਸ ਕਾਰਜਸ਼ੈਲੀ ਨੂੰ ਜੰਮ ਕੇ ਕੋਸਿਆ ਉਥੇ ਪ੍ਰਬੰਧਕੀ ਬਲਾਕ ਤੋਂ ਸ਼ੁਰੂ ਹੋ ਕੇ ਵੀ.ਸੀ ਦਫ਼ਤਰ ਤੱਕ ਰੋਸ ਮਾਰਚ ਵੀ ਕੱਢਿਆ।ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕਰਦਿਆਂ ਜਾਇੰਟ ਸਕੱਤਰ ਮਨਪ੍ਰੀਤ ਸਿੰਘ ਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ 6ਵੇਂ ਪੇ ਕਮਿਸ਼ਨ ਤੇ ਡੀ.ਏ ਦੀ ਬਕਾਇਆ ਰਾਸ਼ੀ ਕਰਮਚਾਰੀਆਂ ਦੇ ਹੱਕਾਂ ਤੇ ਅਧਿਕਾਰਾਂ ਦੇ ਵਿਚ ਸ਼ਾਮਿਲ ਹੈ, ਪਰ ਪੰਜਾਬ ਸਰਕਾਰ ਜਾਣ ਬੁੱਝ ਕੇ ਇਕ ਗਿਣੀ ਮਿਣੀ ਸਾਜਿਸ਼ ਤਹਿਤ ਕਰਮਚਾਰੀਆਂ ਦੇ ਇਸ ਹੱਕ ਨੂੰ ਨੱਪੀ ਬੈਠੀ ਹੈ।ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਕਿਹਾ ਕਿ ਮੁਲਾਜ਼ਮ ਵਰਗ ਹਮੇਸ਼ਾਂ ਸਰਕਾਰ ਵਲੋਂ ਦਿੱਤੀਆਂ ਗਈਆਂ ਡਿਊਟੀਆਂ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਂਦੇ ਹਨ, ਪਰ ਸਰਕਾਰ ਆਪਣੀ ਜਿੰਮੇਵਾਰੀ ਤੋ ਭੱਜ ਰਹੀ ਹੈ।ਉਨ੍ਹਾਂ ਕਿਹਾ ਕਿ ਜਮਹੂਰੀ ਕਦਰਾਂ ਕੀਮਤਾਂ ਦੇ ਵਿਚ ਲੋਕਤੰਤਰੀ ਢੰਗ ਨਾਲ ਮੰਗ ਕਰਨਾ ਕਰਮਚਾਰੀਆਂ ਦਾ ਹੱਕ ਹੈ ਅਤੇ ਅਗਰ ਸਰਕਾਰ ਨੇ ਇਸ ਪਾਸੇ ਵੱਲ ਧਿਆਨ ਨਾ ਦਿੱਤਾ ਤਾਂ ਕਰਮਚਾਰੀ ਵੱਡਾ ਘੋਲ ਕਰਨਗੇ।ਜਿਸ ਦੇ ਨਿਕਲਣ ਵਾਲੇ ਸਿਟਿਆਂ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
Check Also
ਜ਼ਿਲ੍ਹਾ ਅੰਮ੍ਰਿਤਸਰ ਵਿਖੇ 14 ਨਵੇਂ `ਆਮ ਆਦਮੀ ਕਲੀਨਿਕ` ਲੋਕਾਂ ਨੂੰ ਕੀਤੇ ਸਮਰਪਿਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿਹਤ ਕ੍ਰਾਂਤੀ ਤਹਿਤ …
Punjab Post Daily Online Newspaper & Print Media