ਗੁਰੂ ਨਾਨਕ ਦੇਵ ਜੀ ਨੇ ਕਰਮ ਦੀ ਥਾਂ ਸਰਬ ਸਾਂਝੀਵਾਲਤਾ ਦਾ ਸਿਧਾਂਤ ਦਿੱਤਾ-ਡਾ. ਸਿੰਧੂ
ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਅਤੇ ਆਈ.ਸੀ.ਪੀ.ਆਰ ਨਵੀਂ ਦਿੱਲੀ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਮਿਤੀ 15-02-19 ਨੂੰ ਗੁਰੂ ਨਾਨਕ ਸੋਸ਼ਿਓ-ਪੋਲੀਟੀਕਲ ਫਿਲਾਸਫੀ ਅਤੇ ਸਮਕਾਲੀ ਸੰਦਰਭ ਵਿਸ਼ੇ ਤੇ ਤੀਸਰੇ ਅਤੇ ਅੰਤਲੇ ਦਿਨ ਦੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਕੁਲਵਿੰਦਰ ਸਿੰਘ ਬਾਜਵਾ ਦੁਆਰਾ ਕੀਤੀ ਗਈ।ਇਸ ਸੈਸ਼ਨ ਵਿਚ ਦੋ ਪਰਚੇ ਪੜ੍ਹੇ ਗਏ।
ਪਹਿਲਾ ਪਰਚਾ ਡਾ. ਜਸਬੀਰ ਸਿੰਘ ਸਾਬਰ ਵੱਲੋ ਭਗਤ ਰਵੀਦਾਸ ਦੀ ਬਾਣੀ ਵਿਸ਼ੇ `ਤੇ ਪੇਸ਼ ਕੀਤਾ ਗਿਆ। ਉਨ੍ਹਾ ਭਗਤ ਰਵਿਦਾਸ ਦੀ ਫਿਲਾਸਫੀ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਨੇੜਤਾ ਵਿਚ ਪੇਸ਼ ਕਰਨ ਦਾ ਯਤਨ ਕੀਤਾ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਗਤ ਜੀ ਨੇ ਜਾਤ-ਪਾਤ ਦਾ ਖੰਡਨ ਕੀਤਾ ਉਸ ਪ੍ਰਕਾਰ ਦੇ ਹਵਾਲੇ ਗੁਰੂ ਨਾਨਕ ਬਾਣੀ ਵਿਚ ਵੀ ਮਿਲਦੇ ਹਨ।ਸਾਨੂੰ ਅੰਦਰੋਂ ਪਰਮਾਤਮਾ ਨਾਲ ਜੁੜਨ ਦੀ ਲੋੜ ਹੈ।
ਦੂਜਾ ਪਰਚਾ ਡਾ. ਗੁਰਮੀਤ ਸਿੰਘ ਸਿੱਧੂ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਅਧਿਆਤਮਕ ਸਮਾਜ ਪੈਦਾ ਕੀਤਾ।ਗੁਰੂ ਸਾਹਿਬ ਨੇ ਕਰਮ ਦੀ ਫਿਲਾਸਫੀ ਨੂੰ ਤੋੜ ਕੇ ਸਰਬ ਸਾਂਝੀਵਾਲਤਾ ਦਾ ਸਿਧਾਂਤ ਦਿੱਤਾ। ਜਦੋਂ ਤੱਕ ਅਸੀਂ ਆਪਣੇ ਮਨ ਨੂੰ ਨਹੀਂ ਸਮਝਾਂਗੇ ਉਦੋਂ ਤੱਕ ਅਸੀਂ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਸਾਰ ਨਹੀਂ ਕਰ ਪਾਵਾਂਗੇ।
ਇਸ ਸੈਸ਼ਨ ਵਿਚ ਪੜੇ ਗਏ ਪਰਚਿਆਂ ਤੇ ਸੰਵਾਦ ਰਚਾਇਆ ਗਿਆ।ਇਸ ਸੰਵਾਦ ਵਿਚ ਡਾ. ਕੁਲਵੰਤ ਸਿੰਘ, ਡਾ. ਸੂਬਾ ਸਿੰਘ ਅਤੇ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਹਿੱਸਾ ਲਿਆ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਫਿਲਾਸਫੀ ਬਾਰੇ ਵਿਚਾਰ ਸਾਂਝੇ ਕੀਤੇ।ਪ੍ਰਧਾਨਗੀ ਬੋਲਾਂ ਰਾਹੀਂ ਡਾ. ਬਾਜਵਾ ਨੇ ਕਿਹਾ ਕਿ ਗੁਰੂ ਸਾਹਿਬ ਨੇ ਤਤਕਾਲੀਨ ਸਮਾਜ ਦਾ ਡੂੰਘਾ ਅਧਿਐਨ ਕੀਤਾ ਤੇ ਨਵਾਂ ਸਮਾਜ ਸਿਰਜਿਆ।ਉਨ੍ਹਾਂ ਇਸ ਸੈਸ਼ਨ ਵਿਚ ਪੜ੍ਹੇ ਗਏ ਪਰਚਿਆਂ ਦੀ ਸਾਰਥਿਕਤਾ ਅਤੇ ਮਹੱਤਵ ਨੂੰ ਧਿਆਨ ਵਿਚ ਰੱਖਦਿਆਂ ਦੋਹਾਂ ਵਿਦਵਾਨਾਂ ਦੀ ਸ਼ਲਾਘਾ ਕੀਤੀ।ਅੰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਸਭ ਦਾ ਧੰਨਵਾਦੀ ਫ਼ਰਜ਼ ਨਿਭਾਇਆ।
ਉਨ੍ਹਾਂ ਵਿਸ਼ੇਸ਼ ਤੌਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡੀਨ ਅਕਾਦਮਿਕ ਮਾਮਲੇ, ਰਜਿਸਟਰਾਰ ਅਤੇ ਆਈ.ਸੀ.ਪੀ ਨਵੀਂ ਦਿੱਲੀ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।ਉਨ੍ਹਾਂ ਤਿੰਨ ਦਿਨਾਂ ਤੋਂ ਚੱਲ ਰਹੇ ਇਸ ਸੈਮੀਨਾਰ ਵਿਚ ਪਹੁੰਚੇ ਵੱਖ ਵੱਖ ਵਿਦਿਅਕ ਅਦਾਰਿਆਂ ਦੇ ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਵੀ ਧੰਨਵਾਦ ਕੀਤਾ।ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਸ ਸਾਲ ਵਿਚ ਆਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੰਨੇ ਵੀ ਪ੍ਰੋਗਰਾਮ ਉਲੀਕੇ ਜਾਣਗੇ, ਉਹਨਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਹਰ ਪ੍ਰਕਾਰ ਦਾ ਯੋਗਦਾਨ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸਥਾਪਿਤ ਇਹ ਕੇਂਦਰ ਗੁਰੂ ਗ੍ਰੰਥ ਸਾਹਿਬ, ਸਿੱਖ ਇਤਿਹਾਸ, ਸਿੱਖ ਸੱਭਿਆਚਾਰ ਦੇ ਉਦੇਸ਼ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਹਮੇਸ਼ਾਂ ਤਤਪਰ ਰਹੇਗਾ। ਉਨ੍ਹਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਕੇਂਦਰ ਵੱਲੋਂ ਉਲੀਕੇ ਗਏ ਵੱਖ-ਵੱਖ ਪ੍ਰੋਗਰਾਮਾਂ ਬਾਰੇ ਵੀ ਸਰੋਤਿਆਂ ਨਾਲ ਸਾਂਝ ਪਾਈ।ਸੈਮੀਨਾਰ ਦੇ ਇਸ ਅੰਤਲੇ ਸੈਸ਼ਨ ਦਾ ਮੰਚ ਸੰਚਾਲਨ ਗੁਰੂ ਨਾਨਕ ਅਧਿਐਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਮੁਹੱਬਤ ਸਿੰਘ ਦੁਆਰਾ ਕੀਤਾ ਗਿਆ।
Punjab Post Daily Online Newspaper & Print Media