ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਠੋਸ ਕਦਮ ਚੁੱਕੇ ਜਾਣਗੇ
ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ ਚੋਣ ਜੇਤੂ ਉਮੀਦਵਾਰ ਨਿਰਮਲ ਸਿੰਘ ਨੇ ਕਿਹਾ ਕਿ
ਬਹੁਗਿਣਤੀ ਮੈਬਰਾਂ ਵਲੋਂ ਮਿਲੇ ਸਹਿਯੋਗ ਸਦਕਾ ਉਹਨਾਂ ਦੀ ਜਿੱਤ ਯਕੀਨੀ ਸੀ।ਉਹਨਾਂ ਕਿਹਾ ਕਿ ਉਹਨਾਂ ਨੂੰ ਪੰਜਾਬ ਹੀ ਨਹੀਂ ਦਿੱਲੀ, ਕਾਨਪੁਰ, ਮੁੰਬਈ ਅਤੇ ਚੰਡੀਗੜ ਤੋਂ ਮੈਬਰਾਂ ਵਲੋਂ ਪੂਰਾ ਸਾਥ ਮਿਲਿਆ ਹੈ।ਉਹਨਾਂ ਕਿਹਾ ਕਿ ਉਸ ਦੀ ਟੀਮ ਹੁਣ ਦੀਵਾਨ ਨੂੰ ਆਪਣੇ ਮੂਲ ਸਰੋਕਾਰਾਂ ਅਨੁਸਾਰ ਸਿੱਖੀ ਅਤੇ ਸਿੱਖਿਆ ਨੂੰ ਪੂਰੀ ਤਰਾਂ ਸਮਰਪਿਤ ਕਰਨ ਪ੍ਰਤੀ ਵਚਨਬੱਧ ਹੈ।ਉਹਨਾਂ ਜ਼ੋਰ ਦੇ ਕੇ ਕਿਹਾ ਕਿ ਦੀਵਾਨ ਲਈ ਬਜੁਰਗਾਂ ਵਲੋਂ ਬਣਾਇਆ ਗਿਆ ਵਡਮੁੱਲਾ ਪੁਰਾਤਨ ਵਿਧਾਨ ਮੁੜ ਬਹਾਲ ਕੀਤਾ ਜਾਵੇਗਾ।ਲੋਕਲ ਕਮੇਟੀਆਂ ਨੂੰ ਅਖਤਿਆਰ ਹੋਵੇਗਾ ਕਿ ਉਹ ਸਕੂਲਾਂ ਦੀ ਬਿਹਤਰੀ ਲਈ ਵਿਧਾਨ ਅਨੁਸਾਰ ਫੈਸਲੇ ਅਤੇ ਕਾਰਜ ਕਰ ਸਕਣਗੇ।
ਦੀਵਾਨ ਦੀਆਂ ਸੰਸਥਾਵਾਂ ’ਚ ਹੋਈਆਂ ਬੇਨਿਯਮੀਆਂ ਬਾਰੇ ਪੜਤਾਲ ਕਰਵਾਈ ਜਾਵੇਗੀ ਅਤੇ ਦੋਸ਼ੀ ਪਾਏ ਜਾਣ ’ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।ਦੀਵਾਨ ’ਚ ਬੇਨਿਯਮੀਆਂ ਨੂੰ ਹਰ ਹਾਲ ’ਚ ਬੰਦ ਕੀਤਾ ਜਾਵੇਗਾ ਅਤੇ ਪ੍ਰਬੰਧਕੀ ਕਾਰਜਾਂ ’ਚ ਪਾਰਦਰਸ਼ਤਾ ਲਿਆਦੀ ਜਾਵੇਗੀ।ਚੀਫ ਖਾਲਸਾ ਦੀਵਾਨ ਨੂੰ ਮੁੜ ਬੁਲੰਦੀਆਂ ’ਚ ਲੈ ਕੇ ਜਾਵੇਗਾ।ਉਹਨਾਂ ਕਿਹਾ ਕਿ ਦੀਵਾਨ ਦਾ ਕਾਰਜ ਗੁਰੂ ਸਿਧਾਂਤ ਅਨੁਸਾਰ ਧਰਮ, ਸਦਾਚਾਰ ਅਤੇ ਮਾਨਵ ਕਲਿਆਣ ਨੂੰ ਮੁੱਖ ਰੱਖ ਕੇ ਬੱਚਿਆਂ ਨੂੰ ਸਿਖਿਆ ਦੇਣਾ ਹੈ।ਦੀਵਾਨ ਦੇ ਕੁੱਝ ਇਕ ਆਗੂਆਂ ’ਚ ਪਿਛਲੇ ਦੌਰ ’ਚ ਸਾਹਮਣੇ ਆਈ ਗੈਰ-ਇਖਲਾਕੀ ਗਤੀਵਿਧੀਆਂ ਨੇ ਬੱਚਿਆਂ ’ਤੇ ਵੀ ਮਾਰੂ ਅਸਰ ਪਾਇਆ ਹੈ।ਬੱਚਿਆਂ ਨੂੰ ਇਖਲਾਕੀ ਅਤੇ ਬੌਧਿਕ ਪੱਧਰ ’ਤੇ ਉਚਾ ਚੁੱਕਣ ਲਈ ਧਰਮ, ਧਾਰਮਿਕ ਵਿਦਿਆ ਅਤੇ ਵਿਰਸੇ ਨਾਲ ਜੋੜਣ ਲਈ ਧਰਮ ਪ੍ਰਚਾਰ ਕਮੇਟੀ ਨੂੰ ਪਹਿਲਾਂ ਦੀ ਤਰ੍ਹਾਂ ਇਕ ਵੱਖਰਾ ਵਿੰਗ ਵਜੋਂ ਮੁੜ ਸਥਾਪਿਤ ਕੀਤਾ ਜਾਵੇਗਾ।ਧਾਰਮਿਕ ਸ਼ਖਸੀਅਤਾਂ ਅਤੇ ਰੋਲ ਮਾਡਲ ਬਣ ਚੁੱਕੀਆਂ ਅਹਿਮ ਸਿੱਖ ਸ਼ਖਸੀਅਤਾਂ ਨਾਲ ਬੱਚਿਆਂ ਨੂੰ ਰੂਬਰੂ ਕਰਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ।ਬੇਲੋੜੇ ਫਾਲਤੂ ਖਰਚੇ ਬੰਦ ਹੋਣਗੇ ਅਤੇ ਦੀਵਾਨ ਦਾ ਕੇਂਦਰੀ ਦਫਤਰ ਸਕੂਲਾਂ ਦੀ ਆਮਦਨ ਦਾ ਸਿਰਫ 10 ਫੀਸਦ ਦਾ ਹੀ ਹੱਕਦਾਰ ਹੋਵੇਗਾ।
ਅੋਰਤ ਸਟਾਫ ਮੈਬਰਾਂ ਦੇ ਸਨਮਾਨ ਸਤਿਕਾਰ ਸੰਬੰਧੀ ਲੋੜ ਪਈ ਤਾਂ ਨਿਯਮਾਂ ’ਚ ਸੋਧ ਕੀਤੀ ਜਾਵੇਗੀ।ਲੇਡੀ ਸਟਾਫ ਨਾਲ ਕਿਸੇ ਤਰਾਂ ਦੀ ਵੀ ਬਦਤਮੀਜ਼ੀ ਬਰਦਾਸ਼ਤ ਨਹੀਂ ਹੋਵੇਗੀ।ਬਚਿਆਂ ਨੂੰ ਮਿਆਰੀ ਵਿਦਿਆ ਦੇਣੀ ਯਕੀਨੀ ਬਣਾਉਣ ਲਈ ਪ੍ਰਸਿੱਧ ਵਿਦਿਅਕ ਮਾਹਿਰਾਂ ਤੋਂ ਭਰਪੂਰ ਸਹਿਯੋਗ ਲਿਆ ਜਾਵੇਗਾ।ਸਕੂਲਾਂ ਵਿਚ ਅਨੁਸ਼ਾਸਨ ਬਣਾਈ ਰਖਣ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਸੁਚੇਤ ਕਰਨ ਲਈ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਵਧੇਰੇ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਖੇਡਾਂ ਨੂੰ ਕੌਮਾਂਤਰਾਂ ਪੱਧਰ ’ਤੇ ਲੈ ਕੇ ਜਾਇਆ ਜਾਵੇਗਾ।ਬੱਚਿਆਂ ਲਈ ਐਨ.ਸੀ.ਸੀ / ਐਨ.ਐਸ.ਐਸ ਟ੍ਰੇਨਿੰਗ ਲਾਜ਼ਮੀ ਹੋਵੇਗੀ।ਗਰੀਬ ਪਰਿਵਾਰਾਂ ਦੇ ਲੋੜਵੰਦ 5000 ਵਿਦਿਆਰਥੀਆਂ ਦੀ ਮੁਫਤ ਸਿਖਿਆ ਯਕੀਨੀ ਬਣਾਈ ਜਾਵੇਗੀ।
ਮਾਂ ਬੋਲੀ ਪੰਜਾਬੀ ਭਾਸ਼ਾ ਦੀ ਉਨਤੀ ਲਈ ਠੋਸ ਕਦਮ ਚੁੱਕੇ ਜਾਣਗੇ।ਉਥੇ ਹੀ ਹਿੰਦੀ ਅਤੇ ਵਿਦੇਸ਼ਾਂ ਭਾਸ਼ਾਵਾਂ ਦਾ ਗਿਆਨ ਮੁਹਈਆ ਕਰਨ ਵਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਕਿ ਦੇਸ਼-ਵਿਦੇਸ਼ ’ਚ ਜਾਣ ਵਾਲੇ ਸਿੱਖ ਬੱਚਿਆਂ ਨੂੰ ਭਾਸ਼ਾ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media