ਮਿੱਤਰਾਂ ਦਾ ਨਾਂ ਚੱਲਦਾ, ਇਸ ਨਿਰਮੋਹੀ ਨਗਰੀ ਦਾ ਮਾਏ ਮੋਹ ਨਾ ਆਵੇ, ਚੰਨ ਚਾਨਣੀ ਰਾਤ ਤੋਂ ਹਨੇਰਾ ਹੋ ਗਿਆ, ਓਸ ਰੁੱਤੇ ਸੱਜਣ ਮਿਲਾ ਦੇ ਰੱਬਾ ਮੇਰਿਆ, ਰੱਬੀ ਜਾਂ ਸਬੱਬੀ ਮੇਲ ਹੋਣ ਵੰਡੇ ਗਏ ਪੰਜਾਬ ਦੀ ਤਰ੍ਹਾਂ, ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ, ਕੱਲੀ ਨਹੀਂਓ ਵਿਕੀ ਇਸ ਵਿਕੇ ਸੰਸਾਰ ਉੱਤੇ, ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਊ ਪ੍ਰਦੇਸ਼ੀ ਹੋਏ, ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆ ਚ ਕੀ ਰੱਖਿਆਂ ਸਮੇਤ ਪ੍ਰਸਿੱਧ ਗਾਇਕ ਹਰਜੀਤ ਹਰਮਨ ਦੀ ਆਵਾਜ਼ `ਚ ਆਏ 100 ਤੋਂ ਵੱਧ ਗੀਤਾਂ ਦੇ ਲਿਖਾਰੀ ਉੱਘੇ ਗੀਤਕਾਰ ਪਰਗਟ ਸਿੰਘ ਲਿੱਦੜਾਂ ਦੀ ਪਿਛਲੇ ਦਿਨੀ ਹੋਈ ਬੇਵਕਤੀ ਮੌਤ ਨੇ ਸਮੁੱਚੇ ਸੰਗੀਤ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਉਨਾਂ ਦੇ ਲਿਖੇ ਗੀਤਾਂ ਵਿੱਚ ਹਮੇਸ਼ਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਝਲਕ ਹੁੰਦੀ ਸੀ, ਜੋ ਕਿਸੇ ਵਿਰਲੇ ਗੀਤਕਾਰ ਦੇ ਹੀ ਹਿੱਸੇ ਆਉਦੀ ਹੈ।ਭਾਵੇਂ ਕਿ ਸੰਗੀਤਕਾਰ ਅਲੀ ਅਕਬਰ ਦੇ ਮਿਊਜ਼ਿਕ ਨਾਲ ਸ਼ਿੰਗਾਰੀ ਹਰਜੀਤ ਹਰਮਨ ਦੀ ਪਹਿਲੀ ਕੈਸਿਟ ਕੁੜੀ ਚਿਰਾਂ ਤੋਂ ਵਿਛੜੀ ਜੋ ਕਿ ਐਚ.ਐਮ.ਵੀ ਕੰਪਨੀ ਵਲੋਂ ਪਰਗਟ ਸਿੰਘ ਦੀ ਪੇਸ਼ਕਸ ਹੇਠ ਰਿਲੀਜ਼ ਹੋਈ।ਪਰ ਸੰਨ 2001 `ਚ ਜ਼ੰਜ਼ੀਰੀ ਕੈਸਿਟ ਤੋਂ ਲੈ ਕੇ ਪਰਗਟ ਸਿੰਘ ਉਨ੍ਹਾਂ ਦੀ ਮੌਤ ਤੱਕ ਗਾਇਕ ਹਰਜੀਤ ਹਰਮਨ, ਸੰਗੀਤਕਾਰ ਅਤੁੱਲ ਸ਼ਰਮਾ ਤੇ ਗੀਤਕਾਰ ਪ੍ਰਗਟ ਸਿੰਘ ਨੇ ਲਗਾਤਾਰ 19 ਸਾਲ ਭਰਾਵਾਂ ਦੇ ਤੌਰ `ਤੇ ਵਿੱਚਰ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੀਤ, ਸੰਗੀਤ ਅਤੇ ਆਵਾਜ਼ ਜਰੀਏ ਆਪਣੀ ਚੜ੍ਹਤ ਕਾਇਮ ਰੱਖੀ ਹੈ। ਪਰ ਅਣਹੋਣੀ ਮੌਤ ਨੇ ਪੰਜਾਬੀ ਦਾ ਇੱਕ ਹੋਣਹਾਰ ਵਧੀਆ ਲਿਖਾਰੀ ਸਾਡੇ ਤੋਂ ਸਦਾ ਲਈ ਖੋਹ ਲਿਆ। ਆਪਣੇ ਗੀਤਾਂ ਜਰੀਏ ਸਰਕਾਰਾਂ ਦੇ ਮਾੜੇ ਸਿਸਟਮ ਨੂੰ ਲਾਅਣਤਾਂ ਪਾਉਣ ਵਾਲੇ ਅਤੇ ਪਰਿਵਾਰਕ ਗੀਤਾਂ ਦੇ ਰਚੇਤਾ ਪਗਰਟ ਸਿੰਘ ਲਿੱਦੜਾਂ ਦੇ ਸੋਗ `ਚ ਉਨ੍ਹਾਂ ਦੀ ਮੌਤ ਤੋਂ ਲੈ ਕੇ ਅੱਜ ਤੱਕ ਸ਼ੋਸ਼ਲ ਮੀਡੀਆ `ਤੇ ਅਨੇਕਾਂ ਹੀ ਗਾਇਕਾਂ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਲੋਂ ਭਾਵੁਕ ਸ਼ਬਦਾਂ ਵਿੱਚ ਪੋਸਟਾਂ ਪਾ ਕੇ ਆਪਣੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।ਉਨ੍ਹ੍ਹਾਂ ਦਾ ਸਪੁੱਤਰ ਸਟਾਲਿਨਵੀਰ ਸਿੰਘ ਜੋ ਇੱਕ ਵਧੀਆਂ ਵਿਡੀਓ ਡਾਇਰੈਕਟਰ ਦੇ ਤੌਰ `ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕੰਮ ਕਰ ਰਿਹਾ ਹੈ।
ਸਵ: ਪਰਗਟ ਸਿੰਘ ਨਮਿੱਤ ਭੋਗ ਤੇ ਅੰਤਿਮ ਅਰਦਾਸ ਅੱਜ 13 ਮਾਰਚ 2019 (ਬੁੱਧਵਾਰ) ਨੂੰ ਬਾਅਦ ਦੁਪਹਿਰ 1.00 ਤੋਂ 2.00 ਵਜੇ ਤੱਕ ਇਨਡੋਰ ਸਟੇਡੀਅਮ (ਫਿਜ਼ੀਕਲ ਕਾਲਜ ਸਟੇਡੀਅਮ) ਸ੍ਰੀ ਮਸਤੂਆਣਾ ਸਾਹਿਬ ਸੰਗਰੂਰ (ਬਰਨਾਲਾ ਰੋਡ) ਵਿਖੇ ਹੋਵੇਗੀ।

ਹਰਜਿੰਦਰ ਸਿੰਘ ਜਵੰਦਾ
ਪਟਿਆਲਾ।
ਮੋ – 94638 28000
Punjab Post Daily Online Newspaper & Print Media