ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਪਣੇ ਸਾਰੇ ਸੈਮੀਨਾਰਾਂ ਤੇ ਸਮਾਗਮਾਂ
ਦੌਰਾਨ ਧੁਨੀ ਵਜੋਂ ਗਾਇਨ ਕੀਤੇ ਜਾਂਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ‘ਦੇਹਿ ਸ਼ਿਵਾ ਬਰਿ ਮੋਹਿ ਇਹੈ’ ਦੀ ਥਾਂ ਸੁਰਜੀਤ ਪਾਤਰ ਦਾ ਇੱਕ ਗੀਤ ਲਾਗੂ ਕਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖਤ ਨਿੰਦਾ ਕੀਤੀ ਗਈ ਹੈ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇਸ ’ਤੇ ਤਿੱਖਾ ਇਤਰਾਜ ਪ੍ਰਗਟ ਕੀਤਾ ਹੈ।ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਯੁਨੀਵਰਸਿਟੀ ਦੀ ਧੁਨੀ ਵਜੋਂ ਸਥਾਪਿਤ ਸ਼ਬਦ ਨੂੰ ਬਦਲਣਾ ਕਿਸੇ ਤਰ੍ਹਾਂ ਜਾਇਜ ਨਹੀਂ।ਇਹ ਫੈਸਲਾ ਨਵਾਂ ਵਿਵਾਦ ਪੈਦਾ ਕਰਨ ਵਾਲਾ ਹੈ ਜਿਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕੌਮ ਅੰਦਰ ਪਹਿਲਾਂ ਹੀ ਕਈ ਵਿਵਾਦ ਹਨ ਅਤੇ ਯੂਨੀਵਰਸਿਟੀ ਨੂੰ ਹੋਰ ਨਵਾਂ ਵਿਵਾਦ ਨਹੀਂ ਛੇੜਣਾ ਚਾਹੀਦਾ।
ਡਾ. ਰੂਪ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਸਥਾਪਤ ਸ਼ਬਦ ਦੀ ਥਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਰਚਨਾ ਨੂੰ ਲਾਗੂ ਕਰਨ ਪਿਛੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਇਹ ਤਰਕ ਬਿਲਕੁਲ ਤੱਥਹੀਣ ਹੈ ਕਿ ਹਰ ਯੂਨੀਵਰਸਿਟੀ ਦਾ ਆਪਣੀ ਧੁੰਨ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵੀ ਇਸੇ ਲਈ ਇਹ ਤਬਦੀਲੀ ਕੀਤੀ ਹੈ।ਉਨ੍ਹਾਂ ਆਖਿਆ ਕਿ ਜੇਕਰ ਯੂਨੀਵਰਸਿਟੀ ਆਪਣੀਆਂ ਪ੍ਰਾਪਤੀਆਂ, ਇਤਿਹਾਸ, ਰਵਾਇਤਾਂ ਆਦਿ ਬਾਰੇ ਕੋਈ ਗੀਤ ਜਾਂ ਹੋਰ ਪ੍ਰੋਗਰਾਮ ਵੀ ਪੇਸ਼ ਕਰਨਾ ਚਾਹੁੰਦੀ ਹੈ ਤਾਂ ਕਰੇ ਪਰੰਤੂ ਇਸ ਲਈ ਚਲਦੀ ਰਵਾਇਤ ਅਨੁਸਾਰ ਪੜ੍ਹਿਆ ਜਾਂਦਾ ਰਿਹਾ ਸ਼ਬਦ ਹਰਗਿਜ ਬੰਦ ਨਹੀਂ ਹੋਣਾ ਚਾਹੀਦਾ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਸਮੇਂ ਹੋਂਦ ਵਿਚ ਆਈ ਸੀ ਜਿਸ ਦਾ ਮੰਤਵ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਉਭਾਰਣਾ ਹੈ।ਉਦੋਂ ਤੋਂ ਲੈ ਕੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਯੂਨੀਵਰਸਿਟੀ ਦੀ ਧੁਨੀ ਵਜੋਂ ਗਾਇਨ ਕੀਤਾ ਜਾ ਰਿਹਾ ਹੈ।ਇਹ ਸਰਬ ਪ੍ਰਵਾਨਿਤ ਸ਼ਬਦ ਹੈ ਤੇ ਇਹ ਹਰ ਥਾਂ ਅਰਦਾਸ ਵਜੋਂ ਗਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਆਪਣੇ ਫੈਸਲੇ ਨੂੰ ਬਿਨਾ ਦੇਰੀ ਬਦਲ ਦੇਣਾ ਚਾਹੀਦਾ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media