ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੈਕਚਰ
ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਿਖੇ ਸ੍ਰੀ ਗੁਰੂ
ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਲੈਕਚਰ ਲੜੀ ਤਹਿਤ ਸਿੱਖ ਰਿਸਰਚ ਇੰਸਟੀਚਿਊਟ ਅਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਸਹਿ-ਸੰਸਥਾਪਕ ਸ. ਹਰਿੰਦਰ ਸਿੰਘ ਯੂ.ਐਸ.ਏ ਨੇ `ਕਰਤਾਰਪੁਰਿ ਕਰਤਾ ਵਸੈ` ਉਪਰ ਬੜੇ ਹੀ ਭਾਵਪੁਰਤ ਵਿਚਾਰ ਪੇਸ਼ ਕੀਤੇ।ਆਪਣੇ ਵਖਿਆਨ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਪ੍ਰਸ਼ਨ ਰੂਪ ਵਿਚ ਕੁਝ ਮੁੱਦੇ ਸ੍ਰੋਤਿਆਂ ਦੇ ਸਨਮੁੱਖ ਊਭਾਰੇ ਜਿਵੇਂ ਕਰਤਾਰਪੁਰ ਸਾਹਿਬ ਵਿਚ ਕੀ ਹੋਇਆ ਸੀ ? 16ਵੀਂ ਸਦੀ ਦੇ ਅਰੰਭ ਵਿਚ ਕਿਵੇਂ ਇਹ ਨਗਰ ਗੁਰੂ ਨਾਨਕ ਸਾਹਿਬ ਦੇ ਪੈਰਾਡਾਈਮ ਇਕ ਓਅੰਕਾਰ-ਇਕ ਫੋਰਸ ਦਾ ਦੋ ਦਹਾਕਿਆਂ ਵਿਚ ਮੁੱਖ ਕੇਂਦਰ ਬਣ ਗਿਆ ? ਇਨ੍ਹਾਂ ਮੁੱਦਿਆਂ ਬਾਰੇ ਬੋਲਦਿਆਂ ਸ. ਹਰਿੰਦਰ ਸਿੰਘ ਨੇ ਪ੍ਰਾਇਮਰੀ ਸ੍ਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ-ਨਾਲ ਭਾਈ ਗੁਰਦਾਸ ਦੀਆਂ ਵਾਰਾਂ ਤੇ ਹੋਰ ਸਿੱਖ ਸਰੋਤਾਂ ਵਿੱਚ ਉਪਰੋਕਤ ਪ੍ਰਸ਼ਨਾਂ ਦੇ ਪ੍ਰਾਪਤ ਉੱਤਰਾਂ ਨੂੰ ਬੜੇ ਹੀ ਭਾਵਪੂਰਤ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਨੇ ਪੁਰਾਤਨ ਸ੍ਰੋਤਾਂ ਵਿਚ ਮਿਲਦੇ ਇਹ ਵੇਰਵੇ ਵੀ ਸਾਂਝੇ ਕੀਤੇ ਕਿ ਕਿਵੇਂ ਸੰਨ 1515 ਵਿਚ ਸਥਾਪਤ ਹੋਇਆ ਕਰਤਾਰਪੁਰ ਨਗਰ ਸੰਨ 1518 ਵਿਚ ਕਿਵੇਂ ਪਹਿਲਾਂ ਇਕ ਪਵਿੱਤਰ ਅਸਥਾਨ ਅਤੇ ਅੰਤ ਵਿਚ ਪੰਥ ਦਾ ਪ੍ਰਮੁੱਖ ਕੇਂਦਰ ਬਣ ਗਿਆ।
ਉਨ੍ਹਾਂ ਦੱਸਿਆ ਕਿ ਇਹੀ ਉਹ ਥਾਂ ਹੈ ਜਿਥੇ ਗੁਰੂ ਨਾਨਕ ਸਾਹਿਬ ਆਪਣੇ ਪਰਵਾਰ ਸਮੇਤ ਰਹਿੰਦੇ ਸਨ ਅਤੇ ਨਾਮ-ਸੱਭਿਆਚਾਰ ਨੂੰ ਸਥਾਪਤ ਕਰਨ ਲਈ ਦੋ ਦਹਾਕਿਆਂ ਤੱਕ ਸਿੱਖਾਂ ਨੂੰ ਸਿਖਲਾਈ ਦਿੰਦੇ ਰਹੇ।ਗੁਰੂ ਸਾਹਿਬ ਦਾ ਨਿਰਮਲ ਪੰਥ ਜਦੋਂ ਵਿਕਸਤ ਹੋ ਗਿਆ ਤਾਂ ਇਸ ਨੂੰ ਕਰਤਾਰਪੁਰ ਵਿਖੇ ਜਥੇਬੰਦ ਕੀਤਾ ਗਿਆ। ਕਰਤਾਰਪੁਰ ਸਾਹਿਬ ਵਿਖੇ ਹੀ ਗੁਰੂ ਸਾਹਿਬ ਨੇ ਜੋਤ ਤੇ ਜੁਗਤ (ਦੈਵੀ ਗਿਆਨ ਤੇ ਵਿਧੀ) ਦੇ ਗੁਰਮਤੀ ਮਾਡਲ ਰਾਹੀਂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇ ਰੂਪ ਵਿਚ ਆਪਣਾ ਉਤਰਾਧਿਕਾਰੀ ਥਾਪ ਕੇ ਵਿਰਾਸਤ ਨੂੰ ੳੁੱਚਪੱਧਰੀ ਅਗਵਾਈ ਪ੍ਰਦਾਨ ਕਰਨ ਦੀ ਵਿਉਂਤਬੰਦੀ ਨੂੰ ਵਿਵਹਾਰਕ ਰੂਪ ਦਿੰਦਿਆਂ ਇਸ ਪੱਖ ਤੋਂ ਮਿਸਾਲੀ ਨਿਘਰ ਸੇਧ ਦਿੱਤੀ।
ਇਸ ਤੋਂ ਇਲਾਵਾ ਗੁਰੂ ਸਾਹਿਬ ਦੇ ਬਾਰਹਮਾਹ ਵਿਚ ਪੰਜਾਬ ਦੇ ਭੂਗੋਲਿਕ ਖੇਤਰ ਖਾਸ ਕਰਕੇ ਕਰਤਾਰਪੁਰ ਸਾਹਿਬ ਵਿਚ ਕੁਦਰਤੀ ਵਰਤਾਰੇ ਨਾਲ ਆਉਣ ਵਾਲੀਆਂ ਮੌਸਮੀ ਤਬਦੀਲੀਆਂ ਦੇ ਪ੍ਰਸਤੁਤ ਕੀਤੇ ਵਿਰਤਾਂਤ ਰਾਹੀਂ ਮੌਜੂਦਾ ਸਮੇਂ ਵਾਤਾਵਰਣ ਵਿਚ ਆ ਰਹੇ ਵਿਗਾੜ ਦੇ ਮੁੱਦੇ ਬਾਰੇ ਜਾਗਰੂਕ ਹੋਣ ਉਤੇ ਜੋਰ ਦਿੱਤਾ।
ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੋਲੇ ਜਾ ਰਹੇ ਲਾਂਘੇ ਨੂੰ ਦੱਖਣੀ ਏਸ਼ੀਆ ਖਿੱਤੇ ਵਿਚ ਇਸ ਦੇ ਪੈਣ ਵਾਲੇ ਪ੍ਰਭਾਵ ਤੇ ਭਾਰਤ ਅਤੇ ਪਾਕਿਸਤਾਨ ਦੀ ਅਜੋਕੀ ਰਾਜਨੀਤੀ ਦੇ ਪ੍ਰਸੰਗ ਵਿਚ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਕਰਤਾਰਪੁਰ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਅੰਤਲੇ ਸਮੇਂ ਵਿਚ ਬਿਤਾਏ ਪਲਾਂ ਦੀਆਂ ਯਾਦਾਂ ਤੱਕ ਹੀ ਸੀਮਤ ਇਕ ਨਗਰ ਨਹੀਂ ਸਗੋਂ ਇਹ ਗੁਰੂ ਸਾਹਿਬ ਦੁਆਰਾ ਆਪਣੀ ਵਿਚਾਰਧਾਰਾ ਤੇ ਨਾਮ ਸਭਿਆਚਾਰ ਨੂੰ ਵਿਵਹਾਰਕ ਰੂਪ ਪ੍ਰਦਾਨ ਕਰਨ ਵਾਲਾ ਸਿੱਖੀ ਦਾ ਮੁੱਢਲਾ ਕੇਂਦਰ ਸੀ।ਗੁਰੂ ਸਾਹਿਬ ਦੀਆਂ ਸਿਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਨਾਉਣ ਵਾਲੇ ਇਸ ਨਗਰ ਦੇ ਵਾਸੀ ਬਣੇ ਸਨ ਤੇ ਕਰਤਾਰਪੁਰ ਸਾਹਿਬ ਨੂੰ ਇਸੇ ਪ੍ਰਸੰਗ ਵਿਚ ਮੁੜ ਸੱਚ ਦੇ ਆਈਕਾਨ ਜਾਂ ਮਿਸਾਲੀ ਰੂਪ ਵਿਚ ਪੁਨਰ-ਸਥਾਪਤ ਕਰਨ ਦੀ ਲੋੜ ਹੈ।ਇਸ ਮੌਕੇ ਡਾ. ਜਸਵੰਥ ਸਿੰਘ ਸਿੰਘਾਪੁਰ, ਕੇਂਦਰ ਦੇ ਪ੍ਰੋ. ਅਮਰ ਸਿੰਘ, ਗੁਰੂ ਨਾਨਕ ਅਧਿਐਨ ਵਿਭਾਗ ਦੇ ਡਾ. ਭਾਰਤਵੀਰ ਕੌਰ ਸੰਧੂ, ਡਾ. ਮੁਹੱਬਤ ਸਿੰਘ ਤੋਂ ਇਲਾਵਾ ਸਕਾਲਰ ਅਤੇ ਵਿਦਿਆਰਥੀ ਹਾਜ਼ਰ ਸਨ ਜਿਨ੍ਹਾਂ ਨੇ ਦਿੱਤੇ ਵਖਿਆਨ ਬਾਰੇ ਹੋਈ ਚਰਚਾ ਵਿਚ ਭਰਵੀਂ ਸ਼ਮੂਲੀਅਤ ਕੀਤੀ।
ਅੰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਅਮਰਜੀਤ ਸਿੰਘ ਨੇ ਆਏ ਹੋਏ ਦੋਵੇਂ ਮਹਿਮਾਨਾਂ ਅਤੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media