ਕਿਹਾ ਹਰੇਕ ਵਰਗ ਦੇ ਲੋਕਾਂ ਦਾ ਰੱਖਿਆ ਗਿਆ ਧਿਆਨ
ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਰਤੀ ਜਨਤਾ ਪਾਰਟੀ ਵਲੋਂ ਲੋਕ ਸਭਾ ਚੋਣਾਂ-2019 ਦੇ ਜਾਰੀ ਕੀਤੇ ਗਏ ਚੋਣ
ਮੈਨੀਫ਼ੈਸਟੋ (ਸੰਕਲਪ ਪੱਤਰ) ਦਾ ਸਵਾਗਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੈਨੀਫ਼ੈਸਟੋ ਨੂੰ ਹਰੇਕ ਵਰਗ ਦੇ ਲੋਕਾਂ ਦਾ ਧਿਆਨ ਰੱਖਣ ਵਾਲਾ ਦੱਸਿਆ।ਕੇਂਦਰੀ 20 ਮੈਂਬਰੀ ਚੋਣ ਮੈਨੀਫ਼ੈਸਟੋ ਦੇ ਮੈਂਬਰ ਛੀਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਦੁਨੀਆਂ ਦੇ ਨਕਸ਼ੇ ’ਤੇ ਮੋਹਰੀ ਕਤਾਰ ’ਚ ਲਿਆਉਣ ਦਾ ਜੋ ਸੁਪਨਾ ਸੰਜੋਇਆ ਹੈ, ਉਸ ਟੀਚੇ ਨੂੰ ਅਗਲੇ 5 ਸਾਲਾਂ ’ਚ ਪੂਰਾ ਕੀਤਾ ਜਾਵੇਗਾ।
ਛੀਨਾ ਨੇ ਕਿਹਾ ਕਿ ਭਾਜਪਾ ਸਰਕਾਰ ਆਪਣੇ 5 ਸਾਲਾ ਕਾਰਜਕਾਲ ਦੌਰਾਨ ਹਰੇਕ ਵਰਗ ਨੂੰ ਮੁੱਢਲੀਆਂ ਸਹੂਲਤਾਂ ਪਹੁੰਚਾਉਣ ’ਚ ਕਾਮਯਾਬੀ ਰਹੀ ਹੈ, ਜਿਸ ਸਦਕਾ ਉਹ ਆਉਣ ਵਾਲੀਆਂ ਚੋਣਾਂ ’ਚ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰੇਗੀ।ਸੰਕਲਪ ਪੱਤਰ ਦੇ ਮੈਂਬਰ ਵਜੋਂ ਸ਼ਾਮਿਲ ਕਰਨ `ਤੇ ਛੀਨਾ ਨੇ ਪ੍ਰਧਾਨ ਮੰਤਰੀ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਧੰਨਵਾਦ ਕੀਤਾ।
ਛੀਨਾ ਨੇ ਕਿਹਾ ਕਿ ਚੋਣ ਏਜੰਡੇ ਦਾ ਉਦੇਸ਼ ‘ਇਕ ਮਿਸ਼ਨ, ਇਕ ਦਿਸ਼ਾ ਵੱਲ ਜਾਣਾ’ ਅਤੇ ਇਕ ਮਜ਼ਬੂਤ, ਖੁਸ਼ਹਾਲ ਤੇ ਧਰਮ ਨਿਰਪੱਖ ਭਾਰਤ ਨੂੰ ਵਿਕਾਸ ਤੇ ਕੌਮੀ ਸੁਰੱਖਿਆ ’ਤੇ ਵਿਸ਼ੇਸ਼ ਧਿਆਨ ਦੇਣਾ ਹੈ।ਛੀਨਾ ਨੇ ਦੱਸਿਆ ਕਿ ਅਗਲੇ ਕਾਰਜਕਾਲ ’ਚ ਥੋੜ੍ਹੇ ਸਮੇਂ ਦੇ ਖੇਤੀਬਾੜੀ ਕਰਜਿਆਂ ਸਮੇਤ ਇਕ ਤੋਂ ਪੰਜ ਸਾਲ ਲਈ ਜ਼ੀਰੋ ਫ਼ੀਸਦੀ ਵਿਆਜ ਦਰ ਦਾ ਪ੍ਰਸਤਾਵ, ਔਰਤਾਂ ਲਈ 33 ਪ੍ਰਤੀਸ਼ਤ ਰਾਖਵਾਂਕਰਨ, ਯੂਨੀਫਾਰਮ ਸਿਵਲ ਕੋਡ, ਅਗਲੇ 5 ਸਾਲਾਂ ’ਚ ਪੇਂਡੂ ਵਿਕਾਸ ’ਤੇ 25 ਲੱਖ ਕਰੋੜ ਰੁਪਏ ਦਾ ਬਜਟ ਦਾ ਨਿਵੇਸ਼ਕਰਨ ਅਤੇ ਫੌਜੀਆਂ ਨੂੰ ਦੇਸ਼ ਦੀ ਸੁਰੱਖਿਆ ਪ੍ਰਤੀ ਉਚਿੱਤ ਫ਼ੈਸਲੇ ਲੈਣ ਦਾ ਅਧਿਕਾਰ ਫ੍ਰੀਹੈਂਡ ਵਰਗੀਆਂ ਮਹੱਤਵਪੂਰਨ ਪਾਲਿਸੀਆਂ ਉਕਤ ਪੱਤਰ ’ਚ ਸ਼ਾਮਿਲ ਕੀਤੀਆਂ ਗਈਆਂ ਹਨ।
ਛੀਨਾ ਨੇ ਖੇਤੀਬਾੜੀ ਅਤੇ ਪੇਂਡੂ ਖੇਤਰਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਪ੍ਰੋਗਰਾਮ ਖਾਸਕਰ ਕੇ ਕਿਸਾਨਾਂ ਅਤੇ ਖੇਤੀ-ਪੇਂਡੂ ਨਿਵੇਸ਼ ਲਈ ਉਤਪਾਦਕਤਾ ’ਚ ਸੁਧਾਰ ਲਿਆਉਣ ਲਈ ਵਿਸ਼ੇਸ਼ ਪ੍ਰਕਿਰਿਆ ਪ੍ਰਦਾਨ ਕਰਨ ਲਈ ਇਸ ‘ਸੰਕਲਪ ਪੱਤਰ’ ਦੇ ਫੋਕਸ ਕਰਨ ਦੀ ਪ੍ਰਸੰਸਾ ਕੀਤੀ।ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਮੱਧ-ਵਰਗ ਅਤੇ ਹੇਠਲੇ ਮੱਧਵਰਗੀ ਕਰਦਾਤਾਵਾਂ ਨੂੰ ਉਤਸ਼ਾਹ ਦੇ ਕੇ ਸੰਪੂਰਨ ਵਿਕਾਸ ਲਈ ਵਚਨਬੱਧ ਹੈ।‘ਸਮਾਜ ਦੇ ਸਾਰੇ ਵਰਗਾਂ ਨੂੰ ਚੋਣ ਮਨੋਰਥ ਪੱਤਰ ’ਚ ਸ਼ਾਮਿਲ ਕੀਤਾ ਗਿਆ ਹੈ, ਜਿਸ ’ਚ ਕਿਸਾਨ, ਵਪਾਰੀ ਵਰਗ ਅਤੇ ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਕੀਤਾ ਗਿਆ ਹੈ।
ਛੀਨਾ ਨੇ ਜ਼ੋਰ ਦੇ ਕੇ ਕਿਹਾ ਕਿ 2019-ਮੈਨੀਫੈਸਟੋ ਕੇਂਦਰਿਤ ਅਤੇ ਦਿਸ਼ਾਬੱਧ ਹੈ।ਇਸ ਘੋਸ਼ਣਾ ਪੱਤਰ ’ਚ ਉਦਯੋਗਿਕ ਖੇਤਰ ਲਈ ਕਈ ਐਲਾਨ ਕੀਤੇ ਗਏ ਹਨ, ਜਿਨ੍ਹਾਂ ’ਚ ਮੱਧਵਰਗੀ ਵਪਾਰੀਆਂ ਲਈ 1 ਲੱਖ ਕਰੋੜ ਤੱਕ ਦਾ ਕਰਜਾ, ਉਦਯੋਗਪਤੀਆਂ ਲਈ 50 ਲੱਖ ਰੁਪਏ ਤੱਕ ਸਕਿਓਰਿਟੀ ਰਹਿਤ ਕਰਜ਼ਾ, ਨਿਰਮਾਣ ਅਤੇ ਸੇਵਾਵਾਂ ਦੀ ਪ੍ਰਤੀਯੋਗਤਾ ’ਚ ਸੁਧਾਰ ਲਈ ਨਵੀਂ ਉਦਯੋਗਿਕ ਨੀਤੀ ਅਤੇ ਬੁਨਿਆਦੀ ਖੇਤਰ ’ਚ 100 ਲੱਖ ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਜੋ ਕਿ ਹਿੰਦੁਸਤਾਨ ਨੂੰ 2025 ਤੱਕ 5 ਟ੍ਰਿਲੀਅਨ ਅਰਥਚਾਰਾ ਅਤੇ 2032 ਤੱਕ 10 ਟ੍ਰਿਲੀਅਨ ਅਰਥਚਾਰਾ ਬਣਾ ਦੇਵੇਗਾ।ਛੀਨਾ ਨੇ ਮੋਦੀ ਸਰਕਾਰ ਵਲੋਂ ਸੜਕ, ਰੇਲਵੇ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਸੰਕਲਪ ਪੱਤਰ ਲਏ ਜਾਣ ਦੀ ਜ਼ੋਰਦਾਰ ਸ਼ਲਾਘਾ ਕੀਤੀ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media