ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ’ਚ 1949 ਈ. ਨੂੰ ਖ਼ਾਲਸਾ ਕਾਲਜ ਵਿਖੇ ਆਰੰਭ ਹੋਈ ਐਮ.ਏ ਪੰਜਾਬੀ ਦੇ ਪਹਿਲੇ ਬੈਚ ਦੇ ਵਿਦਿਆਰਥੀ ਅਤੇ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਪ੍ਰੋ. ਕਿਰਪਾਲ ਸਿੰਘ ਕਸੇਲ ਦੇ ਸਦੀਵੀਂ ਵਿਛੋੜੇ ’ਤੇ ਅੱਜ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਪ੍ਰੋ. ਕਸੇਲ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਦੇ ਮਿਲਟਨ ਵਜੋਂ ਜਾਣੇ ਜਾਂਦੇ 91 ਸਾਲਾਂ ਪ੍ਰੋ. ਕਸੇਲ ਪੰਜਾਬੀ ਸਾਹਿਤ ’ਚ ਰੁਚੀ ਰੱਖਣ ਵਾਲਿਆਂ ਦਾ ਹਮੇਸ਼ਾ ਰਾਹ ਰੁਸ਼ਨਾਉਂਦੇ ਰਹੇ।ਉਨ੍ਹਾਂ ਦੀਆਂ ਲਿਖੀਆਂ ਪੁਸਤਕਾਂ ’ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ’, ’ਆਧੁਨਿਕ ਗੱਦਕਾਰ’ ਅਤੇ ’ਸਾਹਿਤ ਦੇ ਰੂਪ’ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਲਈ ਵਡਮੁੱਲੇ ਗਿਆਨ ਦਾ ਸੋਮਾ ਹਨ।ਉਨ੍ਹਾਂ ਅੱਗੇ ਕਿਹਾ ਕਿ ਉਹ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਪਹਿਲੇ ਅਜਿਹੇ ਲੇਖਕ ਹਨ ਜਿਨ੍ਹਾਂ ਪੰਜਾਬੀ ਸਾਹਿਤ ਨੂੰ ਵਿਗਿਆਨਕ ਤੇ ਅਕਾਦਮਿਕ ਪੱਖੋਂ ਅੱਗੇ ਲਿਆਂਦਾ।
ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰੋ. ਕਸੇਲ ਨੇ ਹਮੇਸ਼ਾ ਪੰਜਾਬੀ ਮਾਂ-ਬੋਲੀ ਪ੍ਰਤੀ ਆਪਣਾ ਫ਼ਰਜ਼ ਨਿਭਾਇਆ।ਉਨ੍ਹਾਂ ਕਿਹਾ ਕਿ ਪ੍ਰੋ. ਕਸੇਲ ਨੇ ਜਿੱਥੇ ਪ੍ਰੋ. ਪੂਰਨ ਸਿੰਘ ਉੱਤੇ ਵਿਸ਼ੇਸ਼ ਤੌਰ ’ਤੇ ਕਾਰਜ ਕੀਤਾ ਉੱਥੇ ਉਨ੍ਹਾਂ ਅੰਗਰੇਜ਼ੀ ਦੀ ਕਵਿਤਾ ਦਾ ਪੰਜਾਬੀ ਅਨੁਵਾਦ ਵੀ ਕੀਤਾ।ਉਨ੍ਹਾਂ ਅੱਗੇ ਕਿਹਾ ਕਿ ਪ੍ਰੋ. ਕਸੇਲ ਖ਼ਾਲਸਾ ਕਾਲਜ ਵਿਖੇ ਸ਼ੁਰੂ ਹੋਈ ਪਹਿਲੇ ਬੈਚ ਦੀ ਐਮ.ਏ ਪੰਜਾਬੀ ਦੇ ਪਹਿਲੇ ਵਿਦਿਆਰਥੀ ਸਨ।ਇਸ ਕਲਾਸ ਵਿਚ ਉਹ ਪੰਜਾਬੀ ਸਾਹਿਤ ਜਗਤ ਦੇ ਉਘੇ ਸਾਹਿਤਕਾਰਾਂ ਪ੍ਰੋ. ਪਰਮਿੰਦਰ ਸਿੰਘ ਤੇ ਡਾ. ਕਰਤਾਰ ਸਿੰਘ ਸੂਰੀ ਦੇ ਸਹਿਪਾਠੀ ਰਹੇ ਹਨ।
ਇਸ ਮੌਕੇ ਉਨ੍ਹਾਂ ਨੂੰ ਨਮਿਤ ਸ਼ਰਧਾਂਜਲੀ ਭੇਂਟ ਕਰਦਿਆਂ ਵਿਭਾਗ ਦੀ ਗੈਲਰੀ ਵਿਖੇ ਉਨ੍ਹਾਂ ਦੀ ਯਾਦ ’ਚ ਤਸਵੀਰ ਲਗਾਈ ਗਈ।ਇਸ ਦੌਰਾਨ ਵਿਭਾਗ ਦੇ ਅਧਿਆਪਕ ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ ਤੇ ਹੋਰਨਾਂ ਅਧਿਆਪਕਾਂ ਨੇ ਆਪਣੇ ਸ਼ਰਧਾਂਜਲੀ ਸ਼ਬਦਾਂ ਰਾਹੀਂ ਡਾ. ਕਿਰਪਾਲ ਸਿੰਘ ਕਸੇਲ ਦੇ ਨੇਤਰਹੀਣ ਅਤੇ ਵਡੇਰੀ ਉਮਰ ਹੋਣ ਦੇ ਬਾਵਜੂਦ ਪੰਜਾਬੀ ਸਾਹਿਤ ਦੇ ਖੇਤਰ ਵਿਚ ਨਿੱਠ ਕੇ ਕਾਰਜ ਕਰਨ ਦੀ ਸ਼ਲਾਘਾ ਕੀਤੀ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media