ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਬੀਤੀ ਦਿਨੀਂ ਬਿਹਾਰ ’ਚ ਵਿਵਾਦਿਤ ਬਿਆਨ ਰਾਹੀਂ ਧਰਮ ਦੇ
ਅਧਾਰ ’ਤੇ ਵੋਟ ਦੇਣ ਦੀ ਅਪੀਲ ਕਰਨ ’ਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਟਿਕਟ ਦੇ ਦਾਅਵੇਦਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨਾ ਸਾਧਦਿਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਫਿਰਕੂ ਅਤੇ ਹਿੰਸਕ ਭਾਸ਼ਣਾਂ ’ਤੇ ਆਪਣੀ ਚੁੱਪੀ ਤੋੜਣ ਲਈ ਕਿਹਾ।ਛੀਨਾ ਨੇ ਕਿਹਾ ਕਿ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਲਈ ਸਿੱਧੂ ਵੱਲੋਂ ਸਾਰੇ ਮੁਸਲਮਾਨ ਭਾਈਚਾਰੇ ਨੂੰ ਇਕਜੁੱਟ ਹੋ ਕੇ ਵੋਟਾਂ ਪਾਉਣ ਦੇ ਦਿੱਤੇ ਬਿਆਨ ਨਾਲ ਦੇਸ਼ ’ਚ ਆਪਸੀ ਭਾਈਚਾਰੇ’ਚ ਵੰਡੀਆਂ ਪਾ ਕੇ ਵੋਟਾਂ ਹਾਸਲ ਕਰਨ ਲਈ ਹਲਕੇ ਪੱਧਰ ਦੀ ਰਾਜਨੀਤੀ ਕਰ ਰਿਹਾ ਹੈ।
ਛੀਨਾ ਨੇ ਕਿਹਾ ਕਿ ਸਿੱਧੂ ਨੇ ਮੁਸਲਿਮ ਭਾਈਚਾਰੇ ਦੀ ਜਨ ਰੈਲੀ ਮੌਕੇ ਜਾਤ-ਪਾਤ ’ਚ ਵੰਡਣ ਦਾ ਯਤਨ ਕਰਦਿਆਂ ਮੁਸਲਮਾਨਾਂ ਨੂੰ ਉਕਸਾਉਣ ਅਤੇ ਉਨ੍ਹਾਂ ’ਚ ਆਪਸੀ ਫੁਟ ਨੂੰ ਜੱਗ-ਜਾਹਿਰ ਕੀਤਾ ਹੈ।ਉਨ੍ਹਾਂ ਕਿਹਾ ਕਿ ਦਸਮ ਪਿਤਾ ਵਲੋਂ ਸਿੱਖਾਂ ਨੂੰ ਬਖਸ਼ੇ ਮਾਣ ਦਸਤਾਰ ’ਤੇ ਵੀ ਕੀਤੀ ਗਈ ਟਿੱਪਣੀ ਨਾਲ ਸਮੂਹ ਸਿੱਖ ਜਗਤ ’ਚ ਰੋਸ ਦੀ ਲਹਿਰ ਹੈ।ਛੀਨਾ ਨੇ ਕਿਹਾ ਕਿ ਸਮੂਹ ਧਰਮ ਸਤਿਕਾਰਯੋਗ ਹਨ ਪਰ ਅਜਿਹੇ ਨਹੀਂ ਕਿ ਆਪਣੇ ਸਵਾਰਥ ਅਤੇ ਫ਼ਾਇਦੇ ਲਈ ਧਰਮ ’ਤੇ ਰਾਜਨੀਤੀ ਕੀਤੀ ਜਾਵੇ।
ਉਨ੍ਹਾਂ ਕਟਿਹਾਰ ਦੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਸਬੂਤਾਂ ਦੇ ਅਧਾਰ ’ਤੇ ਸਿੱਧੂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਤਾਂ ਕਿ ਕੋਈ ਵੀ ਪਾਰਟੀ ਆਗੂ ਅਜਿਹੀਆਂ ਧਰਮ ਦੇ ਨਾਮ ’ਤੇ ਵੰਡੀਆਂ ਪਾਉਣ ਵਾਲੇ ਹਲਕੇ ਪੱਧਰ ਦੇ ਭਾਸ਼ਣ ਨਾ ਦੇ ਸਕਣ ।
ਉਨ੍ਹਾਂ ਸਿੱਧੂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਵਰਤੀ ਜਾ ਰਹੀ ਮਦੀ ਭਾਸ਼ਾ ’ਤੇ ਵੀ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸਿੱਧੂ ਦੀ ਫ਼ਿਤਰਤ ਹੈ ਕਿ ਉਹ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਲਈ ਕੁੱਝ ਵੀ ਊਟ-ਪਟਾਂਗ ਬੋਲ ਸਕਦਾ ਹੈ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media