ਰੋਡ ਸ਼ੋਅ ਦੌਰਾਨ ਨੌਜਵਾਨਾਂ ਵਲੋਂ ਮਜੀਠੀਆ ਤੇ ਬੀਬੀ ਜਗੀਰ ਕੌਰ ਦਾ ਸਵਾਗਤ
ਜੰਡਿਆਲਾ, 20 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ
ਹਲਕਾ ਜੰਡਿਆਲਾ ਦੇ ਪਿੰਡ ਬੰਡਾਲਾ ਵਿਖੇ ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਅਕਾਲੀ ਭਾਜਪਾ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ ’ਚ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਭਵਿੱਖ ਲਈ ਸਹੀ ਫੈਸਲਾ ਲੈਣ ਅਤੇ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿੱਤ ਦਵਾਉਣ ਦੀ ਲੋਕਾਂ ਨੂੰ ਅਪੀਲ ਕੀਤੀ।
ਇਸ ਤੋਂ ਪਹਿਲਾਂ ਜੰਡਿਆਲਾ ਗੁਰੂ ਤੋਂ ਪਿੰਡ ਬੰਡਾਲਾ ਤੱਕ ਇਕ ਰੋਡ ਸ਼ੋਅ ਦੌਰਾਨ ਟਰੈਕਟਰ ’ਤੇ ਸਵਾਰ ਹੋਏ ਮਜੀਠੀਆ ਅਤੇ ਬੀਬੀ ਜਗੀਰ ਕੌਰ ਦਾ ਯੂਥ ਅਕਾਲੀ ਦਲ ਦੇ ਜੋਸ਼ੀਲੇ ਨੌਜਵਾਨਾਂ ਵਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।ਮਜੀਠੀਆ ਨੇ ਕਿਹਾ ਕਿ ਢਾਈ ਸਾਲ ਪਹਿਲਾਂ ਕਾਂਗਰਸ ਦੀਆਂ ਝੂਠੀਆਂ ਤੇ ਸਾਜਿਸ਼ੀ ਚਾਲਾਂ ’ਚ ਫਸ ਕੇ ਲੋਕਾਂ ਨੇ ਵੋਟਾਂ ਪਾਈਆਂ ਸਨ। ਲਾਰੇ ਹੀ ਬਥੇਰੇ ਲਾਏ ਗਏ ਸਨ ਲੋਕਾਂ ਨੂੰ, ਪਰ ਅੱਜ ਹਾਲ ਇਹ ਹੈ ਕਿ ਬੰਡਾਲੇ ਸਮੇਤ ਸਮੁੱਚੇ ਪੰਜਾਬ ਦੇ ਲੋਕ ਹੀ ਪਛਤਾਉਂਦੇ ਪਏ ਹਨ।ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ’ਤੇ ਤੋਪਾਂ ਟੈਕਾਂ ਨਾਲ ਹਮਲਾ ਕਰਨ ਵਾਲੀ ਕਾਂਗਰਸ ਨੂੰ ਸਬਕ ਸਿਖਾਉਣ ਦਾ ਵੇਲਾ ਆ ਗਿਆ ਹੈ।ਮਜੀਠੀਆ ਨੇ ਅਕਾਲੀ ਉਮੀਦਵਾਰ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਨਿਧੜਕ ਜਰਨੈਲ ਦਸਦਿਆਂ ਉਨਾਂ ਨੂੰ ਜਿਤਾ ਕੇ ਕੇਦਰ ਵਿਚ ਭੇਜਣ ਦੀ ਅਪੀਲ ’ਤੇ ਲੋਕਾਂ ਨੇ ਜੈਕਾਰਿਆਂ ਦੀ ਗੂੰਜ ’ਚ ਹੱਥ ਖੜੇ ਕਰ ਕੇ ਵੱਡੀ ਲੀਡ ਨਾਲ ਜਿੱਤ ਦਵਾਉਣ ਦਾ ਭਰੋਸਾ ਦਿਤਾ।
ਇਸ ਮੌਕੇ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਵੀ ਉਨਾਂ ਨੂੰ ਜਿੱਤ ਦਿਵਾਉਣ ਦੀ ਅਪੀਲ ਕੀਤੀ । ਇਸ ਮੌਕੇ ਸਾਬਕਾ ਵਿਧਾਇਕ ਮਲਕੀਤ ਸਿੰਘ ਏ.ਆਰ, ਮਨਜੀਤ ਸਿੰਘ ਮੰਨਾ, ਬਲਜੀਤ ਸਿੰਘ ਜਲਾਲ ਉਸਮਾ, ਯੂਥ ਆਗੂ ਸੰਦੀਪ ਸਿੰਘ ਏ.ਆਰ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਬੰਡਾਲਾ ਤੇ ਸਮੇਤ ਪੰਚ ਸਰਪੰਚ ਆਦਿ ਮੌਜੂਦ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media