ਨਵੀਂ ਦਿੱਲੀ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਰਾਹੁਲ ਐਂਡ
ਪਾਰਟੀ ਨੂੰ ਚੋਣ ਜਲਸਿਆਂ ਵਿੱਚ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਦੇਸ਼ ਹਿੱਤ ਨੂੰ ਧਿਆਨ ਵਿੱਚ ਜ਼ਰੂਰ ਰੱਖ ਲੈਣਾ ਚਾਹੀਦਾ ਹੈ।ਸਿਰਸਾ ਨੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਬਿਹਾਰ ’ਚ ਦਿੱਤੇ ਸੰਪਰਦਾਇਕ ਬਿਆਨ ਦਾ ਹਵਾਲਾ ਦਿੰਦਿਆ ਕਿਹਾ ਹੈ ਕਿ ਇੱਕ ਪਾਸੇ ਤਾਂ ਕਾਂਗਰਸ ਪਾਰਟੀ ਆਪਣੇ ਆਪ ਨੂੰ ਧਰਮ ਨਿਰਪੱਖ ਕਹਾਊਂਦੀ ਹੈ ਅਤੇ ਦੂਜੇ ਪਾਸੇ ਉਸ ਦੇ ਆਗੂ ਇੱਕ ਫਿਰਕੇ ਨੂੰ ਭੜਕਾਉਣ ਵਿੱਚ ਲੱਗੇ ਹੋਏ ਹਨ।ਸਿੱਖ ਆਗੂ ਨੇ ਕਿਹਾ ਕਿ ਇਹ ਪਾਰਟੀ ਅਖੌਤੀ ਧਰਮ ਨਿਰਪੱਖ ਹੈ, ਅਸਲ ਵਿੱਚ ਤਾਂ ਕਾਂਗਰਸ ਪਾਰਟੀ ਸੰਪਰਦਾਇਕ ਪੱਤੇ ਖੇਡ ਕੇ ਹੀ ਸਿਆਸਤ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਭਾਵੇਂ ਚੋਣ ਕਮਿਸ਼ਨ ਨੇ ਨਵਜੋਤ ਸਿੰਘ ਸਿੱਧੂ ਉਪਰ ਕਾਰਵਾਈ ਕੀਤੀ ਹੈ, ਪਰ ਫਿਰ ਵੀ ਅਸੀਂ ਉਨ੍ਹਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਸਿਆਸੀ ਲਾਹਾ ਲੈਣ ਲਈ ਸੰਪਰਦਾਇਕ ਭਾਵਨਾਵਾਂ ਭੜਕਾਉਣ ਦਾ ਕੰਮ ਨਾ ਕਰਨ।
ਸਿਰਸਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ `ਪ੍ਰਧਾਨ ਹੋਣ ਦੇ ਨਾਤੇ ਤੁਹਾਨੂੰ ਚਾਹੀਦਾ ਹੈ ਕਿ ਅਜਿਹੇ ਮੂੰਹ-ਫੱਟ ਆਗੂਆਂ ਦੀ ਜਬਾਨ ’ਤੇ ਲਗਾਮ ਪਾਓ, ਪਰ ਤੁਸੀਂ ਤਾਂ ਆਪ ਹੀ ਸ਼ਿਸ਼ਟਾਚਾਰ ਨੂੰ ਭੁੱਲ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁੱਦੇ ਦਾ ਸਨਮਾਨ ਵੀ ਨਹੀਂ ਰੱਖ ਰਹੇ ਅਤੇ ਚੋਣ ਮੀਟਿੰਗਾਂ ’ਚ ਚੌਂਕੀਦਾਰ ਚੋਰ ਦੇ ਨਾਅਰੇ ਲਗਾ ਰਹੇ ਹੋ।` ਇੱਕ ਰਾਸ਼ਟਰੀ ਪਾਰਟੀ ਦੇ ਪ੍ਰਧਾਨ ਨੂੰ ਅਜਿਹਾ ਕਰਨਾ ਸ਼ੋਭਾ ਨਹੀਂ ਦਿੰਦਾ।
ਮਨਜਿੰਦਰ ਸਿੰਘ ਸਿਰਸਾ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਵੋਟਾਂ ਲੈਣ ਵਾਸਤੇ ਲੋਕਾਂ ਦੀਆਂ ਧਾਰਮਿਕ ਭਾਵਨਾਂਵਾਂ ਨੂੰ ਨਾ ਭੜਕਾਇਆ ਜਾਵੇ ਅਤੇ ਆਪਣੇ ਆਗੂਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਕੇ ਅਜਿਹੇ ਬਿਆਨਾਂ ਤੋਂ ਰੋਕਿਆ ਜਾਵੇ, ਜਿੰਨਾਂ ਨਾਲ ਦੇਸ਼ ਦਾ ਭਾਈਚਾਰਾ ਪ੍ਰਭਾਵਿਤ ਹੁੰਦਾ ਹੋਵੇ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media