ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਵਿਧਾਨ ਸਭਾ ਹਲਕਾ ਅਟਾਰੀ ਤੋਂ ਕਾਂਗਰਸੀ ਵਿਧਾਇਕ ਤਰਸੇਮ ਸਿੰਘ ਡੀ.ਸੀ. ਦੀ ਅਗਵਾਈ ਹੇਠ ਵਿਸ਼ਾਲ ਚੋਣ ਰੈਲੀ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਹਿਸਾ ਲਿਆ।
ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਪੁੱਜੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਤਰਸੇਮ ਸਿੰਘ ਡੀ.ਸੀ ਨੇ ਗੁਰਜੀਤ ਸਿੰਘ ਔਜਲਾ ਲਈ ਵੋਟਾਂ ਦੀ ਮੰਗ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ 10 ਸਾਲਾਂ ਵਿੱਚ ਪੰਜਾਬ ਬਰਬਾਦੀ ਦੇ ਕੰਢੇ ਤੇ ਪੁੱਜ ਗਿਆ ਹੈ।ਕੇਂਦਰ ਸਰਕਾਰ ਵਿੱਚ ਭਾਈਵਾਲ ਹੋਣ ਦੇ ਬਾਵਜੂਦ ਅਕਾਲੀ ਦਲ ਵਲੋਂ ਕੇਂਦਰ ਤੋਂ ਪੰਜਾਬ ਲਈ ਕੋਈ ਵੀ ਮੰਗ ਨਹੀਂ ਮੰਨਵਾਈ ਗਈ, ਜਦਕਿ ਕਿਸਾਨ ਹਿਤੈਸ਼ੀ ਤੇ ਪੰਥਕ ਪਾਰਟੀ ਹੋਣ ਦਾ ਮੁਖੌਟਾ ਪਾਈ ਬੈਠੇ ਅਕਾਲੀ ਦਲ ਆਗੂ ਕੇਂਦਰ ਸਰਕਾਰ ਵਿੱਚ ਮੰਤਰੀ ਦੀ ਕੁਰਸੀ ਲੈਣ ਲਈ ਤਾਂ 10 ਦਿਨ ਦਿੱਲੀ ਵਿੱਚ ਡੇਰਾ ਲਗਾਈ ਬੈਠੇ ਰਹੇ ਜਦਕਿ ਪੰਜਾਬ ਦੇ ਕਿਸਾਨਾਂ, ਨੌਜੁਆਨਾਂ ਤੇ ਮਜ਼ਦੂਰਾਂ ਖਾਤਿਰ ਇਕ ਵਾਰ ਵੀ ਅਵਾਜ ਨਾ ਉਠਾ ਪਾਏ। ਅਕਾਲੀ ਦਲ ਵਲੋਂ ਆਪਣੀ ਹਉਮੈਂ ਨੂੰ ਪੁਗਾਉਣ ਲਈ ਪਾਰਟੀ ਪ੍ਰਧਾਨ ਦੀ ਪਤਨੀ ਲਈ ਮੰਤਰੀ ਦੀ ਕੁਰਸੀ ਹਾਸਲ ਕਰਨ ਖਾਤਿਰ ਪੰਜਾਬ ਦੇ ਹਿਤਾਂ ਦੀ ਬਲੀ ਦੇ ਦਿਤੀ ਗਈ।
ਔਜਲਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਪੰਜਾਬ ਵਿੱਚ ਸੱਤਾ ‘ਚ ਆਈ ਕੈਪਟਨ ਸਰਕਾਰ ਵਲੋਂ ਕੀਤੇ ਯਤਨਾਂ ਸਦਕਾ ਉਹੀ ਕਾਰੋਬਾਰ ਵਾਪਸ ਲਿਆਉਣ ਲਈ ਵਿਸੇਸ਼ ਨੀਤੀ ਲਿਆਂਦੀ ਗਈ ਹੈ।ਔਜਲਾ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਭਾਜਪਾ ਉਮੀਦਵਾਰ ਨੇ ਕੈਬਨਿਟ ਮੰਤਰੀ ਹੁੰਦਿਆਂ ਮੋਦੀ ਸਰਕਾਰ ਵਲੋਂ ਗੁਰੁ ਦੇ ਲੰਗਰਾਂ ਤੇ ਲਗਾਏ ਜੀ.ਐਸ.ਟੀ. ਖਿਲਾਫ ਕੀ ਕਦੇ ਇਕ ਸ਼ਬਦ ਵੀ ਬੋਲਿਆ। ਜਦਕਿ ਉਹ ਲੰਗਰਾਂ `ਤੇ ਲੱਗਣ ਵਾਲੇ ਜੀ.ਐਸ.ਟੀ ਨੂੰ ਮੁਆਫ ਕਰਨ ਲਈ ਲਗਾਤਾਰ ਇਕ ਹਫਤਾ ਸੰਸਦ ਦੇ ਅੰਦਰ ਤੇ ਬਾਹਰ ਸਰਕਾਰ ਖਿਲਾਫ ਮੁਹਿੰਮ ਚਲਾ ਕੇ ਉਸਨੂੰ ਮੁਆਫ ਕਰਾਇਆ।
ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਪੁੱਜੇ ਬਜੁਰਗਾਂ ਨੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਅਸ਼ੀਰਵਾਦ ੋਿਦੰਦਿਆਂ ਕਿਹਾ ਕਿ ਸ਼ੁਕਰ ਹੈ ਕਿ ਪੰਜਾਬ ਦੇ ਕਿਸੇ ਸੰਸਦ ਮੈਂਬਰ ਨੇ ਲੋਕ ਸਭਾ ਵਿੱਚ ਅੰਮ੍ਰਿਤਸਰ ਵਾਸੀਆਂ ਖਾਸ ਕਰ ਸਰਹੱਦੀ ਖੇਤਰ ਦੇ ਲੋਕਾਂ ਦੀ ਅਵਾਜ ਨੂੰ ਬੁਲੰਦ ਕੀਤਾ ਤੇ ਇਥੋਂ ਦੀਆਂ ਸਮੱਸਿਆਵਾਂ ਸੰਬੰਧੀ ਅਵਾਜ ਕੇਂਦਰ ਦੀ ਗੂੰਗੀ ਬੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਤੇ ਉਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਅਖੀਰ ਤੱਕ ਯਤਨ ਵੀ ਕੀਤੇ।
Punjab Post Daily Online Newspaper & Print Media