ਚੰਡੀਗੜ, 26 ਅਪ੍ਰੈਲ (ਪੰਜਾਬ ਪੋਸਟ – ਜਵੰਦਾ) – ਪਿਛਲੇ ਦਿਨੀਂ ਪੰਜਾਬ ਦੇ ਜਿਲਾ੍ਹ ਮੁਕਤਸਰ ਦੇ ਪਿੰਡ ਧਾਮਕੋਟ ਅਤੇ ਲੱਧੂਵਾਲ ਉਤਾੜ ਵਿਖੇ ਵਾਪਰੀਆਂ ਦੋ
ਵੱਖ-ਵੱਖ ਘਟਨਾਵਾਂ ਦੌਰਾਨ ਦੋ ਕਿਸਾਨਾਂ ਦੀ ਖੜੀ 8 ਏਕੜ ਪੱਕੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਅਤੇ ਉਨਾਂ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ।ਪੀੜਤ ਕਿਸਾਨਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਨਾਇਕ ਐਮੀ ਵਿਰਕ ਪੀੜਤ ਕਿਸਾਨਾਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਉਨਾਂ ਵਲੋਂ ਪੀੜਤ ਕਿਸਾਨਾਂ ਦੀ ਮਦਦ ਲਈ 3 ਲੱਖ ਰੁਪਏ ਦੀ ਰਾਸ਼ੀ ਕਣਕ ਦੇ ਪੀੜਤ ਕਿਸਾਨਾਂ ਲਈ ਭੇਜੀ ਗਈ ਹੈ।
ਦੱਸ ਦਈਏ ਕਿ ਪਿੰਡ ਧਾਮਕੋਟ ਅਤੇ ਲੱਧੂਵਾਲ ਉਤਾੜ ਦੇ ਇਨਾਂ ਪੀੜਤ ਕਿਸਾਨਾਂ ਦੀ ਮਦਦ ਲਈ ਐਮੀ ਵਿਰਕ ਵਲੋਂ ਆਪਣੀ ਟੀਮ ਮੈਂਬਰਜ਼ ਮੱਖਣ ਸਿੰਘ ਸ਼ੇਰਗਿੱਲ, ਪਰਦੀਪ ਗਿੱਲ, ਬੇਅੰਤ ਸਿੰਘ ਮਾਵੀ ਅਤੇ ਜੋਤ ਸਿੰਘ ਮੀਡੀਆ ਨੂੰ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਅਤੇ ਉਨਾਂ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਭਲਾਈ ਕਾਰਜਾਂ ਲਈ ਸਭਨਾਂ ਨੂੰ ਆਪੋ-ਅਪਣੇ ਕਾਰੋਬਾਰਾਂ ਜਾਂ ਸਿੱਧੇ ਤੌਰ `ਤੇ ਪੀੜਤ ਕਿਸਾਨਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਕੋਈ ਵੀ ਪੀੜਤ ਕਿਸਾਨ ਖ਼ੁਦਕੁਸ਼ੀ ਦੇ ਰਾਹ ਨਾ ਪਵੇ।
ਜ਼ਿਕਰਯੋਗ ਹੈ ਕਿ ਐਮੀ ਵਿਰਕ ਇਸ ਤੋਂ ਪਹਿਲਾਂ ਜੰਮੂ ਦੇ ਪਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਸੂਬੇ ਦੇ ਚਾਰ ਜਵਾਨਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ ਦੀ ਰਾਸ਼ੀ ਦੇ ਚੁੱਕੇ ਹਨ।ਐਮੀ ਵਿਰਕ ਪਾਲੀਵੁੱਡ ਦੇ ਉਨਾਂ ਸੁਲਝੇ ਹੋਏ ਅਦਾਕਾਰਾਂ ਚੋਂ ਇੱਕ ਹੈ ਜਿਨਾਂ ਨੇ ਆਪਣੀ ਮਿਹਨਤ ਸਦਕਾ ਕਾਮਜਾਬੀ ਹਾਸਿਲ ਕੀਤੀ ਹੈ।ਆਪਣੇ ਗੀਤਾਂਂ ਤੋਂ ਫ਼ਿਲਮਾਂ ਦੇ ਸਫ਼ਰ ਵਿੱਚ ਐਮੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਸਗੋਂ ਅੱਗੇ ਹੀ ਅੱਗੇ ਵਧ ਕੇ ਸਫਲਤਾ ਦੀਆਂ ਉੱਚੀਆਂ ਮੰਜਿਲਾਂ ਨੂੰ ਛੂਹਿਆ ਹੈ ਅਤੇ ਇਨ੍ਹੀਂ ਦਿਨੀਂ ਉਨਾਂ ਦੀ ਪਹਿਲੀ ਬਾਲੀਵੁੱਡ ਫ਼ਿਲਮ `83` ਦੀ ਸ਼ੂਟਿੰਗ ਚੱਲ ਰਹੀ ਹੈ।ਇਸ ਫ਼ਿਲਮ ਵਿੱਚ ਐਮੀ ਬਲਵਿੰਦਰ ਸਿੰਘ ਦਾ ਰੋਲ ਅਦਾ ਕਰ ਰਹੇ ਹਨ ਜੋ ਕਿ ਕਪਿਲ ਦੇਵ ਦੀ ਬਾਇਓਪਿਕ ਸਟੋਰੀ ਹੈ।ਇਸ ਤੋਂ ਇਲਾਵਾ ਉਹ ਆਪਣੀ 24 ਮਈ ਨੂੰ ਪਰਦਾਪੇਸ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਮੁਕਲਾਵਾ’ ਨਾਲ ਵੀ ਚਰਚਾ ‘ਚ ਨਜ਼ਰ ਆ ਰਹੇ ਹਨ।`ਵਾਈਟ ਹਿੱਲ ਸਟੂਡੀਓਜ਼` ਵਲੋਂ ਪ੍ਰੋਡਿਊਸ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਵਾਲੀ ਇਹ ਫਿਲਮ ਪੁਰਾਤਨ ਵਿਆਹ ਕਲਚਰ ਅਤੇ ਅਲੋਪ ਹੋਏ ਰੀਤੀ ਰਿਵਾਜਾਂ ਦੀ ਗੱਲ ਕਰਦੀ ਹੈ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media