ਪੇਂਡੂ ਖੇਤਰਾਂ ਵਿਚ ਵੀ 100 ਪ੍ਰਤੀਸ਼ਤ ਬੈਂਕਿੰਗ ਸੇਵਾਵਾਂ ਯਕੀਨੀ ਬਣਾਈਆਂ ਜਾਣ – ਮਾਨ

ਫਾਜਿਲਕਾ, 12 ਸਤੰਬਰ (ਵਿਨੀਤ ਅਰੋੜਾ) – ਜਿਲ੍ਹਾ ਬੈਂਕਰਜ ਸਲਾਹਕਾਰ ਕਮੇਟੀ/ਜਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਬੈਕਾਂ ਦੀ ਤਿਮਾਹੀ ਕਰਜ ਯੋਜਨਾ ਤੋਂ ਇਲਾਵਾ ਵੱਖ ਵੱਖ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ ਗਈ।ਇਸ ਮੀਟਿੰਗ ਵਿਚ ਸ਼੍ਰੀ ਬੀ.ਐਲ. ਵਸ਼ਿਸ਼ਟ ਐਲ.ਡੀ.ਐਮ. ਪੰਜਾਬ ਨੈਸ਼ਨਲ ਬੈਂਕ, ਸ਼੍ਰੀ ਕੇ.ਕੇ.ਸ਼ਰਮਾ ਐਲ.ਡੀ.ਓ. ਭਾਰਤੀ ਰਿਜ਼ਰਵ ਬੈਂਕ ਚੰਡੀਗੜ੍ਹ ਸਮੇਤ ਸਮੂਹ ਬੈਂਕਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।ਮੀਟਿੰਗ ਦੌਰਾਨ ਫਾਜਿਲਕਾ ਜਿਲ੍ਹੇ ਦੇ ਬੈਂਕਾਂ ਦੁਆਰਾ ਦਿੱਤੇ ਗਏ ਸਾਲ 2014-15 ਦੇ ਪ੍ਰਾਥਮਿਕਤਾ ਖੇਤਰ ਦੇ ਟਾਰਗੇਟ ਦੀ ਪ੍ਰਾਪਤੀ ਦੀ ਸਮੀਖਿਆ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਕਿ ਵੱਖ ਵੱਖ ਸਕੀਮਾਂ ਤਹਿਤ ਦਿੱਤੇ ਜਾਂਦੇ ਕਰਜ਼ਿਆਂ ਦੇ ਟੀਚਿਆਂ ਨੂੰ ਪੂਰਾ ਕਰਨ।ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨ ਵਿੱਚ ਕੋਤਾਹੀ ਨਾ ਵਰਤੀ ਜਾਵੇ ਅਤੇ ਲੰਬਿਤ ਪਏ ਕਰਜ਼ਿਆਂ ਦੇ ਕੇਸਾਂ ਦੇ ਲਾਭਪਾਤਰੀਆਂ ਨੂੰ ਤੁਰੰਤ ਕਰਜ਼ੇ ਮੁਹੱਈਆ ਕਰਵਾਏ ਜਾਣ ਤਾਂ ਜੋ ਉਹ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਣ। ਸ. ਮਾਨ ਨੇ ਬੈਂਕਾਂ ਨੂੰ ਗਰੀਬ ਲੋਕਾਂ ਨੂੰ ਖਾਸਕਰ ਰਿਕਸ਼ਾ ਚਾਲਕ, ਮਜ਼ਦੂਰਾਂ ਆਦਿ ਨੂੰ ਵੱਧ ਤੋਂ ਵੱਧ ਕਰਜ਼ਾ ਦੇਣ ਦੀ ਹਦਾਇਤ ਕੀਤੀ।ਮੀਟਿੰਗ ਵਿਚ ਪ੍ਰਧਾਨ ਮੰਤਰੀ ਜਨ-ਧਨ ਯੋਜਨਾਂ ਲਾਗੂ ਕਰਨ ਤੇ ਵਿਸਤਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ।ਉਨ੍ਹਾਂ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੇ ਬੈਂਕ ਵਿਚ ਖਾਤੇ ਖੋਲ ਕੇ ਉਨ੍ਹਾਂ ਨੂੰ ਏ.ਟੀ.ਐਮ ਰੁਪੇ ਕਾਰਡ ਤੇ ਪਾਸ ਬੁੱਕਾਂ ਜਾਰੀ ਕਰਨ ਤੇ ਉਨ੍ਹਾਂ ਦੇ ਖਾਤਿਆਂ ਨੂੰ ਅਧਾਰ ਕਾਰਡ ਦੇ ਨਾਲ ਜੋੜਿਆਂ ਜਾਵੇ ।ਉਨ੍ਹਾਂ ਇਹ ਵੀ ਕਿਹਾ ਕਿ ਫਾਜਿਲਕਾ ਦੇ ਡੀ.ਸੀ. ਕੰਪਲੈਕਸ ਦੇ ਸੁਵਿਧਾ ਸੈਂਟਰ ਅੰਦਰ ਅਧਾਰ ਕਾਰਡ ਬਨਾਉਣ ਵਾਲੀਆਂ ਦੋ ਮਸ਼ੀਨਾਂ ਕੰਮ ਕਰ ਰਹੀਆਂ ਲੋਕ ਇੱਥੇ ਆ ਕੇ ਆਪਣੇ ਅਧਾਰ ਕਾਰਡ ਬਣਵਾ ਸਕਦੇ ਹਨ।ਉਨ੍ਹਾਂ ਬੈਂਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਬੈਂਕਾਂ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰੇਗਾ ਅਤੇ ਉਨ੍ਹਾਂ ਦੀਆਂ ਜੋ ਵੀ ਲੋੜਾਂ ਹੋਣਗੀਆਂ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ । ਉਨ੍ਹਾਂ ਸਮੂਹ ਬੈਂਕਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਅਨੁਸਾਰ ਪੇਂਡੂ ਖੇਤਰਾਂ ਵਿਚ ਵੀ 100 ਪ੍ਰਤੀਸ਼ਤ ਬੈਂਕਿੰਗ ਸੇਵਾਵਾਂ ਯਕੀਨੀ ਬਣਾਈਆਂ ਜਾਣ ।
Punjab Post Daily Online Newspaper & Print Media