ਸੇਵਾ ਸਿਮਰਨ ਤੇ ਸਿਦਕ ਦੀ ਮੂਰਤ ਮਾਤਾ ਅਵਤਾਰ ਕੌਰ ਦਾ ਜਨਮ 1934 ਈ: ਵਿਚ ਸ੍ਰੀ ਗੁਰੂ ਹਰਕਿ੍ਸ਼ਨ ਜੀ ਦੀ ਚਰਨ ਛੋਹ ਪ੍ਰਾਪਤ ਨਗਰ ਪਿੰਡ ਪੰਜੋਖਰਾ ਸਾਹਿਬ ਜ਼ਿਲ੍ਹਾ ਅੰਬਾਲਾ (ਹਰਿਆਣਾ) ਵਿਖੇ ਬਚਨ ਸਿੰਘ ਜਗੀਰਦਾਰ ਦੇ ਗ੍ਰਹਿ ਮਾਤਾ ਗੁਰਦਿਆਲ ਕੌਰ ਦੀ ਪਵਿਤਰ ਕੁੱਖ ਤੋਂ ਹੋਇਆ।ਮਾਤਾ ਜੀ ਦੇ ਦੋ ਭਰਾਤਾ ਕਰਨੈਲ ਸਿੰਘ ਤੇ ਹਰਭਜਨ ਸਿੰਘ ਸਨ।ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਸੰਤ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜਥੇ ਸਮੇਤ ਮਹੀਨਾ-ਮਹੀਨਾ ਪੰਜੋਖਰਾ ਵਿਖੇ ਰਿਹਾ ਕਰਦੇ ਸਨ ਅਤੇ ਜਿਨਾਂ ਲਈ ਦੁੱਧ ਅਤੇ ਦਹੀਂ ਬਚਨ ਸਿੰਘ ਜਗੀਰਦਾਰ ਦੇ ਘਰੋਂ ਆਇਆ ਕਰਦਾ ਸੀ।ਸੰਤਾਂ ਨਾਲ ਇਸ ਪਰਿਵਾਰ ਦਾ ਬਹੁਤ ਪ੍ਰੇਮ ਸੀ।
ਮਾਤਾ ਜੀ ਦਾ ਪਹਿਲਾ ਨਾਮ ਬੀਬੀ ਰਛਪਾਲ ਕੌਰ ਸੀ ਜੋ ਕਿ ਅੰਮਿ੍ਰਤਪਾਨ ਉਪਰੰਤ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਬੀਬੀ ਅਵਤਾਰ ਕੌਰ ਰਖਿਆ।ਮਾਤਾ ਜੀ ਦਾ ਅਨੰਦ ਕਾਰਜ ਪਿੰਡ ਧੁੰਮਾ ਜ਼ਿਲ੍ਹਾ ਪਟਿਆਲਾ ਦੇ ਵਸਨੀਕ ਭਾਈ ਤਰਲੋਚਨ ਸਿੰਘ ਨਾਲ ਹੋਇਆ।ਧਾਰਮਿਕ ਰੰਗ ਵਿਚ ਰੰਗੇ ਹੋਏ ਮਾਤਾ ਜੀ ਨੇ 3 ਜਵਾਨ ਪੁੱਤਰਾਂ ਭਾਈ ਮਨਜੀਤ ਸਿੰਘ, ਭਾਈ ਅਮਰਜੀਤ ਸਿੰਘ ਅਤੇ ਭਾਈ ਅਜੀਤ ਸਿੰਘ ਦੇ ਸੰਸਾਰ ਤੋਂ ਕੂਚ ਕਰ ਜਾਣ ’ਤੇ ਵੀ ਗੁਰੂ ਦੇ ਭਾਣੇ ਨੂੰ ਸਤਿ ਕਰ ਕੇ ਮੰਨਦਿਆਂ ਕਦੀ ਸੋਗ ਨਹੀਂ ਕੀਤਾ। ਮਾਤਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਪੰਜੋਖਰਾ ਸਾਹਿਬ ਵਿਖੇ ਹੀ ਬਾਬਾ ਗੁਰਬਖਸ਼ ਸਿੰਘ ਜੀ ਤੋਂ ਹਾਸਲ ਕੀਤੀ। ਮਾਤਾ ਜੀ ਨਿੱਤਨੇਮ ਵਿਚ ਪੂਰਨ ਤੌਰ ਤੇ ਪਰਪੱਕ ਸਨ।ਆਪ ਜੀ ਨੂੰ 50 ਤੋਂ ਵੱਧ ਬਾਣੀਆਂ ਵੀ ਜ਼ੁਬਾਨੀ ਯਾਦ ਸਨ।ਆਪ ਜੀ ਪਿੰਡ ਦੇ ਗੁਰਦਵਾਰੇ ਝਾੜੂ ਫੇਰਦੇ, ਸੰਗਤ ਦੇ ਜੋੜੇ ਝਾੜਦੇ, ਹੱਥੀਂ ਚੱਕੀ ਪੀਹ ਕੇ ਗੁਰੂ ਘਰ ਦੇ ਗ੍ਰੰਥੀਆਂ ਨੂੰ ਪ੍ਰਸ਼ਾਦਾ ਛਕਾਉਦੇ।ਗਿਆਨੀ ਹਰਨਾਮ ਸਿੰਘ ਖਾਲਸਾ ਨੂੰ ਬਚਪਨ ’ਚ ਬਹੁਤ ਸਾਰੀ ਗੁਰਬਾਣੀ ਦੀ ਸੰਥਿਆ ਮਾਤਾ ਅਵਤਾਰ ਕੌਰ ਨੇ ਹੀ ਕਰਵਾਈ।ਮਾਤਾ ਅਵਤਾਰ ਕੌਰ ਦੇ ਸ਼ੁਭ ਗੁਣ ਹੀ ਹਨ, ਜੋ ਉਨਾਂ ਦੇ ਪੁਤਰਾਂ ਨੇ ਆਪਣੇ ਜੀਵਨ ਵਿਚ ਗ੍ਰਹਿਣ ਕੀਤੇ।ਜੀਵਨ ਦੌਰਾਨ ਹੋਰਨਾਂ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਦਮਦਮੀ ਟਕਸਾਲ ਦੇ 13ਵਂੇ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ, 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਬਾਬਾ ਠਾਕੁਰ ਸਿੰਘ ਜੀ ਨਾਲ ਮਾਤਾ ਜੀ ਦਾ ਬਹੁਤ ਸਨੇਹ ਰਿਹਾ।ਜਦ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਨੇ ਤਰਲੋਚਨ ਸਿੰਘ ਤੋਂ 10 ਕੁ ਸਾਲ ਦੇ ਸੰਤ ਗਿਆਨੀ ਹਰਨਾਮ ਸਿੰਘ ਦੀ ਜਥੇ ਲਈ ਮੰਗ ਕੀਤੀ ਤਾਂ ਮਾਤਾ ਜੀ ਨੇ ਵੀ ਹਾਮੀ ਭਰਦਿਆਂ ਕੋਈ ਉਜ਼ਰ ਨਹੀਂ ਕੀਤਾ।
86 ਸਾਲ ਦੀ ਬਿਰਧ ਅਵਸਥਾ ’ਚ ਸਦੀਵੀ ਵਿਛੋੜਾ ਦੇ ਗਏ ਮਾਤਾ ਅਵਤਾਰ ਕੌਰ ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 30 ਅਪ੍ਰੈਲ ਦਿਨ ਮੰਗਲਵਾਰ ਨੂੰ ਪਿੰਡ ਧੁੰਮਾਂ ਵਿਖੇ ਕੀਤਾ ਜਾ ਰਿਹਾ ਹੈ।ਜਿਥੇ ਧਾਰਮਿਕ ਸ਼ਖਸ਼ੀਅਤਾਂ ਸੰਤਾਂ ਮਹਾਂਪੁਰਸ਼ਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਜਾਣਗੇ।

ਸਰਚਾਂਦ ਸਿੰਘ
ਅੰਮ੍ਰਿਤਸਰ।
ਮੋ – 97813 55522
Punjab Post Daily Online Newspaper & Print Media