ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਲੋਕ ਸਭਾ ਦੇ ਚੌਥੇ ਦੌਰ ਦੀ
ਵੋਟਿੰਗ ਉਪਰੰਤ ਭਾਜਪਾ ਵਲੋਂ ਕਰਵਾਏ ਅੰਦਰੂਨੀ ਸਰਵੇ ਮੁਤਾਬਿਕ ਆਪਣੀ ਹਾਰ ਨੂੰ ਦੇਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਆਗੂ ਬਿਲਕੁੱਲ ਨੀਵੇਂ ਪੱਧਰ ਦੀ ਰਾਜਨੀਤੀ ਕਰਦਿਆਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਨਾਗਰਿਕਤਾ ਤੇ ਸਵਾਲ ਉਠਾ ਕੇ ਦੇਸ਼ ਦੀ ਜਨਤਾ ਦਾ ਧਿਆਨ ਅਸਲੀ ਤੋਂ ਭਟਕਾਉਣ ਲਈ ਡਰਾਮੇਬਾਜ਼ੀ ਕਰ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਔਜਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਨਾਗਰਿਕਤਾ ਨੂੰ ਲੈ ਕੇ ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤੇ ਨੋਟਿਸ ਸੰਬੰਧੀ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ।ਔਜਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਰੰਜਿਸ਼ ਤਹਿਤ ਕਾਂਗਰਸ ਸੁਪਰੀਮੋ ਨੂੰ ਨੋਟਿਸ ਭੇਜ ਕੇ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਦੀ ਵਧਦੀ ਲੋਕਪ੍ਰਿਅਤਾ ਦੇਖਦਿਆਂ ਨਤੀਜਿਆਂ ਤੋਂ ਪਹਿਲਾਂ ਹੀ ਆਪਣੀ ਹਾਰ ਸਵੀਕਾਰ ਕਰ ਲਈ ਹੈ।ਔਜਲਾ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਤੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁਕਣ ਦਾ ਵਾਅਦਾ ਕਰਨ ਵਾਲੀ ਮੋਦੀ ਸਰਕਾਰ ਸਮੇਂ ਦੇਸ਼ ਵਿੱਚ ਸਭ ਤੋਂ ਵੱਧ ਕਿਸਾਨਾਂ ਤੇ ਮਜ਼ਦੂਰਾਂ ਨੇ ਕਰਜੇ ਦੇ ਬੋਝ ਹੇਠਾਂ ਮੌਤ ਨੂੰ ਗਲੇ ਲਗਾ ਆਤਮਹੱਤਿਆ ਕੀਤੀਆਂ ਜਦਕਿ ਮੋਦੀ ਸਰਕਾਰ ਸਿਰਫ ਆਪਣੀ ਯਾਰੀ ਨੂੰ ਪਾਲਦਿਆਂ ਦੇਸ਼ ਦੇ ਚੋਣਵੇਂ ਕਾਰੋਬਾਰੀ ਘਰਾਣਿਆਂ ਦੇ ਲੱਖਾਂ ਕਰੋੜ ਰੁਪਏ ਤੇ ਲਕੀਰ ਮਾਰ ਕੇ ਦੱਸ ਦਿਤਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ-ਮਜ਼ਦੂਰਾਂ ਦੀ ਕੋਈ ਪ੍ਰਵਾਹ ਨਹੀਂ।ਔਜਲਾ ਨੇ ਕਿਹਾ ਕਿ ਹੁਣ ਜਦ ਲੋਕ ਸਭਾ ਚੋਣਾਂ ਦੇ ਅਖੀਰਲੇ ਤਿੰਨ ਪੜਾਅ ਬਾਕੀ ਬਚੇ ਹਨ ਤੇ ਭਾਜਪਾ ਵਲੋਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਸੰਬੰਧੀ ਕਰਵਾਏ ਅੰਦਰੂਨੀ ਸਰਵੇ ਵਿੱਚ ਹੁੰਦੀ ਹਾਰ ਤੇ ਕਿਸਾਨਾਂ, ਮਜ਼ਦੂਰਾਂ ਤੇ ਨੌਜੁਆਨਾਂ ਵਲੋਂ ਵਿਕਾਸ ਮੁੱਦਿਆਂ ਤੇ ਕੀਤੀ ਜਾਂਦੀ ਬਹਿਸ ਤੋਂ ਧਿਆਨ ਭਟਕਾਉਣ ਲਈ ਹੀ ਮੋਦੀ ਸਰਕਾਰ ਵਲੋਂ ਗ੍ਰਹਿ ਮੰਤਰਾਲੇ ਤੋਂ ਕਾਂਗਰਸ ਪਾਰਟੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੂੰ ਨਾਗਰਿਕਤਾ ਸੰਬੰਧੀ ਨੋਟਿਸ ਭੇਜ ਕੇ ਹੇਠਲੇ ਪੱਧਰ ਅਤੇ ਬਦਲਾ ਲਊ ਰਾਜਨੀਤੀ ਦੀ ਸ਼ੁਰੂਆਤ ਕੀਤੀ ਹੈ, ਜਦਕਿ 2015 ਵਿੱਚ ਵੀ ਭਾਜਪਾ ਨੇ ਅਜਿਹੇ ਇਲਜ਼ਾਮ ਲਗਾਏ ਸਨ।ਪਰ ਉਨ੍ਹਾਂ ਇਲਜਾਮਾਂ ਵਿੱਚ ਕੋਈ ਸਚਾਈ ਨਾ ਹੋਣ ਕਾਰਨ ਭਾਜਪਾ ਨੂੰ ਮੂੰਹ ਦੀ ਖਾਣੀ ਪਈ ਸੀ।ਔਜਲਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਸਾਲ ਤਾਂ ਦੇਸ਼ ਵਾਸੀਆਂ ਦੇ ਸਰਮਾਏ ਉਪਰ ਵਿਦੇਸ਼ਾਂ ਦੀ ਸੈਰਾਂ ਕਰਦੇ ਰਹੇ, ਪਰ ਉਨ੍ਹਾਂ ਦੇਸ਼ ਦੇ ਵਿਕਾਸ ਅਤੇ ਕਿਸਾਨਾਂ, ਮਜ਼ਦੂਰਾਂ ਤੇ ਨੌਜੁਆਨਾਂ ਵੱਲ ਧਿਆਨ ਨਹੀਂ ਦਿੱਤਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media