1948 ਤੋਂ 1965 ਤੱਕ ਨਿਭਾਅ ਚੁੱਕੇ ਹਨ ਸੇਵਾ – ਡਾ. ਮਹਿਲ ਸਿੰਘ
ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ’ਚ ਸਿੱਖ ਇਤਿਹਾਸ ਖੋਜ਼ ਵਿਭਾਗ ਵਿਖੇ 1948 ਤੋਂ 1965 ਈ: ਤੱਕ ਪ੍ਰਸਿੱਧ
ਇਤਿਹਾਸਕਾਰ ਡਾ. ਕਿਰਪਾਲ ਸਿੰਘ ਵਿਭਾਗ ਦੇ ਮੁੱਖੀ ਵਜੋਂ ਸੇਵਾ ਨਿਭਾਉਂਦੇ ਰਹੇ।ਬੀਤੀ 7 ਮਈ ਸਵੇਰੇ 5:00 ਵਜੇ ਡਾ. ਕਿਰਪਾਲ ਸਿੰਘ ਆਪਣਾ ਸੰਸਾਰ ਜੀਵਨ ਸੰਪੂਰਨ ਕਰ ਗਏ ਹਨ। ਡਾ. ਕਿਰਪਾਲ ਸਿੰਘ ਦੀ ਮੌਤ ਸਿੱਖ ਜਗਤ ’ਚ ਕਦੇ ਨਾ ਪੂਰੀ ਹੋਣ ਵਾਲੀ ਕਮੀ ਪੈਦਾ ਕਰ ਗਈ ਹੈ।ਇਹ ਸ਼ਬਦ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਪ੍ਰੋਫੈਸਰ ਕਿਰਪਾਲ ਸਿੰਘ ਦੇ ਅਕਾਲ ਚਲਾਣੇ ’ਤੇ ਸ਼ੋਕ ਪ੍ਰਗਟ ਕਰਨ ਸਮੇਂ ਕਹੇ।
ਉਨ੍ਹਾਂ ਕਿਹਾ ਕਿ ਡਾ. ਕਿਰਪਾਲ ਸਿੰਘ ਨੇ ਆਪਣੇ ਜੀਵਨ ਕਾਲ ’ਚ ਸਿੱਖ ਇਤਿਹਾਸ ਨਾਲ ਸਬੰਧਿਤ ਅਨੇਕਾਂ ਪੁਸਤਕਾਂ ਲਿਖੀਆਂ। ਡਾ. ਕਿਰਪਾਲ ਹੁਰਾ ਕਾਲਜ ਦੇ ਸਿੱਖ ਇਤਿਹਾਸ ਖੋਜ ਵਿਭਾਗ ’ਚ ਰਹਿੰਦਿਆਂ ਇਤਿਹਾਸ ਦੀ ਖੋਜ਼ ਨਾਲ ਸਬੰਧਿਤ ਬਹੁਤ ਕਾਰਜ ਕੀਤੇ।ਜਿਨ੍ਹਾਂ ’ਚ ਭਾਰਤ-ਪਾਕਿਸਤਾਨ ਵੰਡ ਵੇਲੇ ਦੇ ਹਾਲਾਤ ਨੂੰ ਹੱਲਿਆਂ ਤੋਂ ਪੀੜਤ ਪਰਿਵਾਰਾਂ ਕੋਲੋਂ ਸੁਣ ਕੇ ਲਿਖਣਾ ਅਤੇ ਪੁਸਤਕਾਂ ਦੇ ਰੂਪ ’ਚ ਛਾਪਣਾ ਵੀ ਹੈ।ਉਨ੍ਹਾਂ ਕਿਹਾ ਕਿ ਪੁਰਾਤਨ ਹੱਥ ਲਿਖਤ ਖਰੜਿਆਂ ਦੀ ਸਾਂਭ ਸੰਭਾਲ ਆਪ ਦੇ ਹਿੱਸੇ ਆਈ।ਡਾ. ਕਿਰਪਾਲ ਦੁਆਰਾ ਕੀਤਾ ਗਿਆ ਜਨਮ ਸਾਖੀ ਪਰੰਪਰਾ ਦੀ ਸੰਪਾਦਨਾ ਦਾ ਕਾਰਜ ਅੱਜ ਵੀ ਬੇਮਿਸਾਲ ਹੈ।ਇੰਨ੍ਹੀਂ ਦਿਨੀਂ ਆਪ ਭਾਈ ਸੰਤੋਖ ਸਿੰਘ ਦੁਆਰਾ ਰਚਿਤ ਸੂਰਜ ਪ੍ਰਕਾਸ਼ ਗ੍ਰੰਥ ਨੂੰ ਖੋਜ਼ ਪੂਰਨ ਹਵਾਲਿਆਂ ਨਾਲ ਸਰਲ ਪੰਜਾਬੀ ’ਚ ਲਿਖ ਕੇ ਆਮ ਪਾਠਕ ਤੱਕ ਪਹੁੰਚਾਉਣਾ ਬਹੁਤ ਹੀ ਮਿਹਨਤ ਵਾਲਾ ਕਾਰਜ ਆਪ ਕਰ ਰਹੇ ਸਨ। ਜਿਸ ਦੇ 18 ਭਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਾਪੇ ਜਾ ਚੁੱਕੇ ਹਨ। ਜਿਸ ’ਚ 9 ਪਾਤਸ਼ਾਹੀਆਂ ਦਾ ਜੀਵਨ ਇਤਿਹਾਸ ਦਰਜ ਹੈ।ਇਸ ਸਮੇਂ ਡਾ. ਕਿਰਪਾਲ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇਤਿਹਾਸ ਸੂਰਜ ਪ੍ਰਕਾਸ਼ ਗ੍ਰੰਥ ’ਚੋਂ ਲਿਖ ਰਹੇ ਸਨ।ਉਨ੍ਹਾਂ ਕਿਹਾ ਕਿ ਕਾਲਜ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਸ਼ੋਕ ਪ੍ਰਗਟ ਕਰਦਾ ਹੈ।
ਇਸ ਸਮੇਂ ਪ੍ਰਿੰ. ਡਾ. ਮਹਿਲ ਸਿੰਘ ਅਤੇ ਮੌਜ਼ੂਦਾ ਸਿੱਖ ਇਤਿਹਾਸ ਖੋਜ਼ ਕੇਂਦਰ ਦੇ ਇੰਚਾਰਜ ਡਾ. ਕੁਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਵਿਭਾਗ ਡਾ. ਕਿਰਪਾਲ ਸਿੰਘ ਦੀ ਯਾਦ ’ਚ ਸਾਲਾਨਾ ਯਾਦਗਾਰੀ ਭਾਸ਼ਣ ਕਰਵਾਇਆ ਜਾਇਆ ਕਰੇਗਾ।
Check Also
ਖ਼ਾਲਸਾ ਕਾਲਜ ਵਿਖੇ ‘ਪੰਜਾਬ ਅਰਥਵਿਵਸਥਾ ਦਾ ਵਾਤਾਵਰਣ ਪੁਨਰ-ਸਥਿਤੀ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ
ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਅਤੇ ਖੇਤੀਬਾੜੀ ਵਿਭਾਗ …
Punjab Post Daily Online Newspaper & Print Media