ਪੰਜਾਬੀ ਸੰਗੀਤਕ ਖੇਤਰ ਦੀ ਬਹੁਪੱਖੀ ਸ਼ਖਸੀਅਤ ਸਵ. ਕੁਲਦੀਪ ਮਾਣਕ ਦੀ ਬਾਇਓਪਿਕ ਫ਼ਿਲਮ ‘ਕੁਲਦੀਪ ਮਾਣਕ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।ਵਿਰਕ ਫ਼ਿਲਮਜ਼ ਅਤੇ ਜੋਸ਼ਨ ਬ੍ਰਦਰਜ਼ ਵਲੋਂ ਪ੍ਰੋਡਿਊਸ ਇਸ ਫ਼ਿਲਮ ਨੂੰ ਨਿਰਦੇਸ਼ਕ ਜੋਸ਼ਨ ਸੰਦੀਪ ਵਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ।ਨਿਰਦੇਸ਼ਕ ਜੋਸ਼ਨ ਸੰਦੀਪ ਹਾਲੀਵੁੱਡ ਫ਼ਿਲਮਾਂ ਨਾਲ ਜੁੜਿਆ ਇੱਕ ਨਾਮੀਂ ਨਾਂ ਹੈ ਜੋ ਕਿ ਹਾਲੀਵੁੱਡ ਫ਼ਿਲਮਾਂ `ਸਕਾਈਫਾਲ`, `ਗੋਸਟ ਰਾਈਡਾਰ 2`, `ਟੋਟਲ ਰੀਕਾਲ` `ਸਪਾਈਡਰ ਮੈਨ` ਅਤੇ `ਦਾ ਟੂਰਿਸਟ ਐਂਡ ਸਾਲਟ` ਆਦਿ `ਚ ਐਸੋਸੀਏਟ ਡਾਇਰੈਕਟਰ ਵਜੋਂ ਕੰਮ ਕਰ ਚੁੱਕਾ ਹਨ।
ਦੱਸਣਯੋਗ ਹੈ ਕਿ ਕੁਲਦੀਪ ਮਾਣਕ ਪੰਜਾਬੀ ਸੰਗੀਤ ਜਗਤ ਦਾ ਉਹ ਥੰਮ ਹੈ, ਜੋ ਰਹਿੰਦੀ ਦੁਨੀਆਂ ਤੱਕ ਆਪਣੀ ਆਵਾਜ਼ ਅਤੇ ਅੰਦਾਜ਼ ਸਦਕਾ ਜਿਊਂਦਾ ਰਹੇਗਾ।ਕੁਲਦੀਪ ਮਾਣਕ ਦੀ ਜ਼ਿੰਦਗੀ ਬਹੁਤ ਸੰਘਰਸ਼ ਅਤੇ ਚਣੌਤੀਆਂ ਭਰੀ ਰਹੀ ਹੈ।ਕੁਲਦੀਪ ਮਾਣਕ ਨੇ ਕਿਵੇਂ ਆਪਣੇ ਆਪ ਨੂੰ ਜ਼ੀਰੋ ਪੱਧਰ ਤੋਂ ਸ਼ੁੁਰੂ ਕਰ ਕੇ ਸ਼ੋਹਰਤ ਅਤੇ ਸਫ਼ਲਤਾ ਦੀ ਸਿਖ਼ਰ ਨੂੰ ਛੂਹਿਆ ਹੈ।ਜ਼ਿੰਦਗੀ ਦੀਆਂ ਜੋ ਤਲ਼ਖ ਸੱਚਾਈ ਉਸ ਨੇ ਆਪਣੀਆਂ ਲੋਕ ਗਥਾਵਾਂ ਵਿੱਚ ਗਾਈਆਂ ਉਨਾਂ `ਚੋਂ ਬਹੁਤੀਆਂ ਦਾ ਸੱਚ ਉਸ ਨੇ ਅਖ਼ੀਰੀ ਸਮੇਂ ਹੱਡੀ ਵੀ ਹੰਡਾਇਆ।ਕੁਲਦੀਪ ਮਾਣਕ ਦੀ ਜਿੰਦਗੀ ਦੇ ਉਤਰਾਅ-ਚੜਾਅ ਵਾਲੇ ਹਾਲਾਤਾਂ ਦੀ ਤਰਜ਼ਮਾਨੀ ਕਰਦੀ ਇਸ ਫ਼ਿਲਮ ਦੀ ਕਹਾਣੀ ਐਚ ਵਿਰਕ ਨੇ ਲਿਖੀ ਹੈ।ਇਸ ਫ਼ਿਲਮ ‘ਚ ਮਸ਼ਹੂਰ ਗਾਇਕ ਜ਼ੈਜੀ ਬੈਂਸ ਵੀ ਕੁਲਦੀਪ ਮਾਣਕ ਨਾਲ ਜੁੜੀ ਆਪਣੀ ਅਸਲ ਜਿੰਦਗੀ ਵਾਲਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਕਿ ਕਿਵੇਂ ਉਹ ਕੁਲਦੀਪ ਮਾਣਕ ਦੇ ਸੰਪਰਕ ‘ਚ ਆਏ ਅਤੇ ਉਨਾਂ ਦੇ ਸ਼ਾਗਿਰਦ ਬਣ ਸਫਰ ਕਿਸ ਤਰਾਂ ਦਾ ਰਿਹਾ ਆਦਿ ਨੂੰ ਵੀ ਪਰਦੇ ‘ਤੇ ਪੇਸ਼ ਕੀਤਾ ਜਾਵੇਗਾ। ਇਸ ਫ਼ਿਲਮ ਵਿੱਚ ਕੁਲਦੀਪ ਮਾਣਕ ਦਾ ਕਿਰਦਾਰ ਕੌਣ ਅਦਾ ਕਰੇਗਾ ਇਹ ਗੱਲ ਫ਼ਿਲਮੀ ਹਲਕਿਆਂ ‘ਚ ਹਾਲੇ ਵੀ ਚਰਚਾਵਾਂ ‘ਚ ਹੈ। ਫਿਲ਼ਮ 15 ਨਵੰਬਰ 2019 ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।

ਹਰਜਿੰਦਰ ਸਿੰਘ ਜਵੰਦਾ
ਪਟਿਆਲਾ।
ਮੋ – 94638 28000
Punjab Post Daily Online Newspaper & Print Media