ਰਵਿੰਦਰ ਗਰੇਵਾਲ ਪੰਜਾਬੀ ਗਾਇਕੀ ਦਾ ਇੱਕ ਮਾਣਮੱਤਾ ਗਾਇਕ ਹੈ।ਆਪਣੀ ਮਿਆਰੀ ਤੇ ਅਰਥ-ਭਰਪੂਰ ਗਾਇਕੀ ਨਾਲ ਉਸਨੇ ਗੀਤ ਸੰੰਗੀਤ ਦੇ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ।ਗਾਇਕੀ ਦੇ ਨਾਲ-ਨਾਲ ਬਾਕੀ ਗਾਇਕਾਂ ਵਾਂਗ ਰਵਿੰਦਰ ਗਰੇਵਾਲ ਫ਼ਿਲਮੀ ਪਰਦੇ `ਤੇ ਵੀ ਆਇਆ।ਉਸ ਦੀਆਂ ਫ਼ਿਲਮਾਂ `ਜੱਜ ਸਿੰਘ ਐੱਲ ਐੱਲ ਬੀ` ਐਂਵੇ ਰੌਲਾ ਪੈ ਗਿਆ ` ਅਤੇ `ਡੰਗਰ ਡਾਕਟਰ` ਨੇ ਉਸ ਨੂੰ ਗਾਇਕੀ ਤੋਂ ਹਟਵੀਂ ਪਛਾਣ ਦਿੱਤੀ।ਅੱਜਕਲ ਰਵਿੰਦਰ ਗਰੇਵਾਲ ਇੱਕ ਨਵੀਂ ਫ਼ਿਲਮ `15 ਲੱਖ ਕਦੋਂ ਆਉਗਾ` ਲੈ ਕੇ ਆ ਰਿਹਾ ਹੈ।ਇਹ ਫ਼ਿਲਮ ਆਪਣੇ ਅਜੀਬੋ-ਗਰੀਬ ਨਾਂ ਤੋਂ ਸਾਬਤ ਕਰਦੀ ਹੈ ਕਿ ਇਹ ਵੋਟਾਂ ਵੇਲੇ ਲੱਗੇ ਸਿਆਸੀ ਲਾਰਿਆਂ ਨਾਲ ਜੁੜੀ ਇੱਕ ਮਨੋਰੰਜਕ ਕਹਾਣੀ ਦਾ ਆਧਾਰ ਹੋਵੇਗੀ।ਇਸ ਫ਼ਿਲਮ ਦੇ ਨਾਇਕ ਰਵਿੰਦਰ ਗਰੇਵਾਲ ਨੇ ਕਿਹਾ ਕਿ ਇਹ ਫਿਲ਼ਮ ਸਿਆਸਤ ਤੇ ਸਮਾਜਿਕ ਮੁੱਦਿਆਂ ਅਧਾਰਤ ਹੈ, ਜੋ ਕਿ ਪਹਿਲੀਆਂ ਫ਼ਿਲਮਾਂ ਤੋਂ ਹਟ ਕੇ ਇੱਕ ਵੱਖਰੇ ਵਿਸ਼ੇ ਵਾਲੀ ਕਾਮੇਡੀ ਫ਼ਿਲਮ ਹੈ।ਇਸ ਵਿੱਚ ਉਸ ਦਾ ਕਿਰਦਾਰ ਇੱਕ ਅਜਿਹੇ ਜੁਗਾੜੀ ਬੰਦੇ ਦਾ ਹੈ ਜੋ ਆਪਣੀਆਂ ਨਵੀਆਂ ਨਵੀਆਂ ਸਕੀਮਾਂ ਨਾਲ ਲੋੋਕਾਂ ਦੇ ਅੰਧ ਵਿਸ਼ਵਾਸ਼ੀ ਹੋਣ ਦਾ ਫਾਇਦਾ ਲੈਂਦਾ ਹੈ।ਦਰਸ਼ਕਾਂ ਨੂੰ ਇਹ ਕਿਰਦਾਰ ਜਰੂਰ ਪਸੰਦ ਆਵੇਗਾ।
10 ਮਈ ਨੂੰ ਰਿਲੀਜ਼ ਹੋ ਰਹੀ ਫਰਾਈਡੇ ਰਸ਼ ਪਿਕਚਰਜ਼ ਦੇ ਬੈਨਰ ਹੇਠ ਨਿਰਮਾਤਾ ਰੁਪਾਲੀ ਗੁਪਤਾ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਅਨੇਕਾਂ ਨਾਮੀਂ ਨਿਰਦੇਸ਼ਕਾਂ ਦਾ ਸਹਾਇਕ ਰਿਹਾ ਮਨਪ੍ਰੀਤ ਬਰਾੜ ਹੈ।ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਸੁਰਮੀਤ ਮਾਵੀ ਨੇ ਹੀ ਲਿਖਿਆ ਹੈ।ਇਸ ਫ਼ਿਲਮ ਵਿੱਚ ਰਵਿੰਦਰ ਗਰੇਵਾਲ, ਪੂਜਾ ਵਰਮਾ, ਜਸਵੰਤ ਰਾਠੌੜ, ਸਮਿੰਦਰ ਵਿੱਕੀ, ਹੌਬੀ ਧਾਲੀਵਾਲ, ਮਲਕੀਤ ਰੌ੍ਯਣੀ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਸੁਖਦੇਵ ਬਰਨਾਲਾ, ਅਜੇ ਜੇਠੀ, ਯਾਦ ਗਰੇਵਾਲ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੇ ਗੀਤ ਰਵਿੰਦਰ ਗਰੇਵਾਲ, ਰਣਜੀਤ ਬਾਵਾ, ਗੁਰਲੇਜ਼ ਅਖ਼ਤਰ ਨੇ ਗਾਏ ਹਨ।
ਜਿਕਰਯੋਗ ਹੈ ਕਿ ਇਹ ਫ਼ਿਲਮ ਸਮਾਜ ਦੇ ਵੱਖ ਵੱਖ ਮੁੱਦਿਆਂ ਨਾਲ ਜੁੜੀ ਮਨੋਰੰਜਨ ਭਰਪੂਰ ਫ਼ਿਲਮ ਹੈ, ਜੋ ਸਮਾਜ ਵਿੱਚ ਫੈਲੇ ਅੰਧ ਵਿਸ਼ਵਾਸ,ਡੇਰਾਵਾਦ ਅਤੇ ਸਿਆਸਤ `ਤੇ ਤਿੱਖਾ ਵਿਅੰਗ ਕਰਦੀ ਹੋਈ ਦਰਸ਼ਕਾਂ ਨੂੰ ਹਾਸੇ ਹਾਸੇ ਵਿੱਚ ਚੰਗਾ ਮੈਸੇਜ਼ ਦੇਵੇਗੀ। ਇਸ ਫ਼ਿਲਮ ਵਿਚਲੀ ਕਾਮੇਡੀ ਵੀ ਸਾਰਥਕ, ਫ਼ਿਲਮ ਦੇ ਮਾਹੌਲ ਨਾਲ ਹੋਵੇਗੀ, ਐਵੇ ਬਿਨਾਂ ਮੂੰਹ-ਸਿਰ ਵਾਲੀ ਨਹੀਂ ਹੋਵੇਗੀ।ਫ਼ਿਲਮ ਦੀ ਕਹਾਣੀ ਆਮ ਫ਼ਿਲਮਾਂ ਤੋਂ ਬਹੁਤ ਹਟਵੇਂ ਵਿਸ਼ੇ ਦੀ ਹੈ।
ਹਰਜਿੰਦਰ ਸਿੰਘ ਜਵੰਦਾ
ਪਟਿਆਲਾ।
ਮੋ – 94638 28000