ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ 50 ਕਲੀਨੀਕਲ ਲੈਬਾਰਟਰੀਆਂ ਖੋਲ੍ਹਣ ਦਾ ਟੀਚਾ
ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪੰਜਾਬ ਸਮੇਤ ਹੋਰਨਾਂ ਰਾਜਾਂ ‘ਚ ਪਹਿਲੇ ਪੜਾਅ ਤਹਿਤ 50 ਕਲੀਨਿਕਲ ਲੈਬਾਰਟਰੀਆਂ ਤੇ ਡਾਗਿਨੋਸਟਿਕ ਸੈਂਟਰ ਖੋਲ੍ਹੇ ਜਾ ਰਹੇ ਹਨ ।
ਇਹ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬਾਨੀ ਤੇ ਉਘੇ ਸਮਾਜ ਸੇਵੀ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਪੰਜਾਬ ਵਿੱਚ 30, ਹਰਿਆਣਾ ‘ਚ 6, ਹਿਮਾਚਲ ‘ਚ 6 ਅਤੇ ਰਾਜਸਥਾਨ ‘ਚ 8 ਸੰਨੀ ਓਬਰਾਏ ਕਲੀਨਿਕਲ ਲੈਬਾਰਟਰੀਆਂ ਤੇ ਡਾਗਿਨੋਸਟਿਕ ਸੈਂਟਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ ਕਰੀਬ 10 ਲੈਬਾਰਟਰੀਆਂ ਖੁੱਲ ਚੁੱਕੀਆਂ ਹਨ ਜਦ ਕੇ ਬਾਕੀ 20 ਲੈਬਾਰਟਰੀਆਂ ਦੀ ਸਥਾਪਨਾ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਿਆਂ ਅੰਦਰ ਟਰੱਸਟ ਆਪਣੇ ਖਰਚੇ `ਤੇ ਕਰੇਗੀ।ਇਸ ਲੜੀ ਤਹਿਤ ਅੰਮ੍ਰਿਤਸਰ ਵਿਖੇ ਜਲਦ ਹੀ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਇਹ ਲੈਬਾਰਟਰੀਆਂ ਸਥਾਪਿਤ ਕੀਤੀਆਂ ਜਾਣਗੀਆਂ।ਸਰਦਾਰ ਓਬਰਾਏ ਨੇ ਦੱਸਿਆ ਕਿ ਇਨ੍ਹਾਂ ਲੈਬਾਰਟਰੀਆਂ ਅੰਦਰ ਜਿਥੇ ਮੁੱਢਲੇ ਟੈਸਟ ਬਿਲਕੁੱਲ ਮੁਫ਼ਤ ਕੀਤੇ ਜਾਣਗੇ, ਉਥੇ ਹੀ ਬਾਕੀ ਟੈਸਟ ਕੇਵਲ ਲਾਗਤ ਮੁੱਲ (ਨਾ ਮਾਤਰ) `ਤੇ ਹੀ ਹੋਣਗੇ।ਉਨ੍ਹਾਂ ਦੱਸਿਆ ਕਿ ਜਿਹੜੇ ਕੁੱਝ ਟੈਸਟ ਟਰੱਸਟ ਦੀ ਲੈਬ ਵਿੱਚ ਉਪਲਬਧ ਨਹੀਂ ਹੋਣਗੇ, ਉਹ ਟੈਸਟ ਟਰੱਸਟ ਵਲੋਂ ਹੋਰਨਾਂ ਮਿਆਰੀ ਲੈਬਾਂ ਤੋਂ ਆਪਣੇ ਪੱਧਰ `ਤੇ ਮਰੀਜ਼ ਨੂੰ ਅੱਧੀ ਕੀਮਤ `ਤੇ ਕਰਵਾ ਕੇ ਦਿੱਤੇ ਜਾਣਗੇ। ਜਿਸ ਦਾ ਆਮ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ।
ਓਬਰਾਏ ਨੇ ਇਹ ਵੀ ਦੱਸਿਆ ਕਿ ਟਰੱਸਟ ਵਲੋਂ ਆਉਂਦੇ ਦਿਨਾਂ ‘ਚ ਪੰਜਾਬ ਸਮੇਤ ਹੋਰਨਾਂ ਰਾਜਾਂ ਅੰਦਰ ਵੱਡੇ ਪੱਧਰ `ਤੇ ਦਵਾਈ ਦੀਆਂ ਕਫਾਇਤੀ ਦੁਕਾਨਾਂ ਵੀ ਖੋਲ੍ਹੀਆਂ ਜਾ ਰਹੀਆਂ ਹਨ, ਜਿਨ੍ਹਾਂ ਤੋਂ ਲੋੜਵੰਦ ਮਰੀਜ਼ਾਂ ਨੂੰ ਬਹੁਤ ਹੀ ਘੱਟ ਭਾਅ `ਤੇ ਦਵਾਈਆਂ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸਿਖਿਆ ਤੇ ਹੋਰਨਾਂ ਖੇਤਰਾਂ ‘ਚ ਕੀਤੇ ਜਾ ਰਹੇ ਹਜ਼ਾਰਾਂ ਕੰਮਾਂ ਤੋਂ ਇਲਾਵਾ ਸੈਂਕੜੇ ਕੈਂਸਰ ਦੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਜਦ ਕਿ ਹੁਣ ਤੱਕ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ 176 ਕਫਾਇਤੀ ਡਾਇਲਸੈੱਸ ਕੇਂਦਰ ਖੋਲ੍ਹੇ ਜਾ ਚੁੱਕੇ ਹਨ, ਜਿਨ੍ਹਾਂ ਚੋਂ ਪੰਜਾਬ ਅੰਦਰ 90 ਜਦ ਕਿ ਇਕੱਲੇ ਚੰਡੀਗੜ੍ਹ ਅੰਦਰ ਹੀ 12 ਸੈਂਟਰ ਚੱਲ ਰਹੇ ਹਨ।ਜਿਨ੍ਹਾਂ ਅੰਦਰ 250 ਰੁਪਏ ਤੋਂ ਲੈ ਕੇ 700 ਰੁਪਏ ਤੱਕ ਹਰ ਰੋਜ਼ ਸੈਕੜੇ ਮਰੀਜ਼ਾਂ ਦੇ ਡਾਇਲਸੈਸ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਟਰੱਸਟ ਵਲੋਂ ਪਹਿਲੇ ਪੜਾਅ ‘ਚ ਵੱਖ-ਵੱਖ ਸ਼ਹਿਰਾਂ ਨੂੰ ਵਧੀਆ ਕੁਆਲਿਟੀ ਦੀਆਂ 20 ਐਂਬੂਲੈਂਸ ਗੱਡੀਆਂ ਦਾਨ ਦੇਣ ਦਾ ਟੀਚਾ ਵੀ ਮਿਥਿਆ ਗਿਆ ਹੈ, ਜਿਸ ਅਧੀਨ 7 ਗੱਡੀਆਂ ਦਿੱਤੀਆਂ ਵੀ ਜਾ ਚੁੱਕੀਆਂ ਹਨ। ਓਬਰਾਏ ਨੇ ਦਸਿਆ ਕਿ ਟਰੱਸਟ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਵੱਖ-ਵੱਖ ਥਾਵਾਂ `ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲਈ ਪਹਿਲੇ ਪੜਾਅ ਤਹਿਤ 20 ਵਿਸ਼ੇਸ਼ ਸਵਾਰੀ ਵੈਨਾਂ ਵੀ ਦਿੱਤੀਆਂ ਜਾ ਰਹੀਆਂ ਹਨ ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੇ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਟਰੱਸਟ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਆਪਣੇ ਜ਼ਿਲ੍ਹੇ ਅੰਦਰ ਸਥਾਪਿਤ ਟਰੱਸਟ ਦੀਆਂ ਇਕਾਈਆਂ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹਨ ਜਦ ਕਿ ਇਸ ਸਬੰਧੀ ਸਾਰੀ ਜਾਣਕਾਰੀ ਨੈਟ `ਤੇ ਵੀ ਉਪਲੱਬਧ ਹੋਵੇਗੀ।ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਵਿੱਢੇ ਗਏ ਇਹ ਸਾਰੇ ਕਾਰਜ ਇਸ ਸਾਲ ਦੇ ਅੰਤ ਤੱਕ ਮੁਕੰਮਲ ਹੋ ਜਾਣਗੇ ।
ਇਸ ਮੌਕੇ ਉਨ੍ਹਾਂ ਨਾਲ ਟਰੱਸਟ ਦੇ ਮੀਡੀਆ ਇੰਚਾਰਜ ਰਵਿੰਦਰ ਸਿੰਘ ਰੋਬਿਨ, ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸੁਖਦੀਪ ਸਿੰਘ ਸਿੱਧੂ, ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਸਿਸ਼ਪਾਲ ਸਿੰਘ ਲਾਡੀ, ਜਗਦੇਵ ਸਿੰਘ ਛੀਨਾ, ਸ਼ਿਵਦੇਵ ਸਿੰਘ ਬੱਲ, ਹਰਜਿੰਦਰ ਸਿੰਘ ਹੇਰ, ਹਰਜਿੰਦਰ ਸਿੰਘ ਮੁੱਧ, ਪਲਵਿੰਦਰ ਸਿੰਘ ਸਰਹਾਲਾ, ਬਲਵਿੰਦਰ ਕੌਰ, ਆਸ਼ਾ ਤਿਵਾੜੀ ਆਦਿ ਟਰੱਸਟ ਮੈਂਬਰ ਵੀ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …