ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ ਬਿਊਰੋ) – ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ
ਫਿਲਮ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਿਲਮ ਸਮੀਖਿਆ ਕਮੇਟੀ ਦੀ ਫਿਲਮ ਸਬੰਧੀ ਮੁਕੰਮਲ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਨਹੀ ਪੁੱਜੀ ਇਸ ਲਈ ਜਿਨ੍ਹਾਂ ਚਿਰ ਰਿਪੋਰਟ ਨਹੀ ਆਉਂਦੀ ਉਨ੍ਹਾਂ ਚਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫਿਲਮ `ਦਾਸਤਾਨ ਏ ਮੀਰੀ ਪੀਰੀ` ਉੱਪਰ ਰੋਕ ਲਗਾਈ ਗਈ ਹੈ।ਫਿਲਮ ਪ੍ਰਬੰਧਕ ਫਿਲਮ ਨੂੰ ਰਲੀਜ਼ ਨਾ ਕਰਨ ਜੇ ਰਲੀਜ਼ ਕਰਦੇ ਹਨ ਤਾਂ ਇਸ ਦੇ ਉਹ ਖੁਦ ਜਿੰਮੇਵਾਰ ਹੋਣਗੇ।
ਜਥੇਦਾਰ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਪਹਿਲਾਂ ਹੀ ਕੀਤੇ ਮਤਿਆਂ ਰਾਹੀਂ ਗੁਰੂ ਸਾਹਿਬਾਨ ਦਾ ਕਿਸੇ ਵਿਸ਼ੇਸ਼ ਵਿਅਕਤੀ ਵੱਲੋਂ ਕਿਸੇ ਫਿਲਮ ਜਾਂ ਨਾਟਕ ਵਿਚ ਰੋਲ ਕਰਨਾ ਸਿੱਖ ਸਿਧਾਂਤਾ ਦੇ ਵਿਰੁੱਧ ਦਸਿਆ ਹੈ ਅਤੇ ਇਸ `ਤੇ ਰੋਕ ਲਗਾਈ ਹੈ।ਇਸ ਲਈ ਗੁਰੂ ਸਾਹਿਬਾਨ ਦੇ ਰੋਲ ਵਾਲੀਆਂ ਫਿਲਮ ਜਾਂ ਗੁਰੂ ਸਾਹਿਬਾਨ ਦੇ ਚਲੰਤ ਐਨੀਮੇਸ਼ਨ ਬਣਾਉਣ ਦੀ ਇਜ਼ਾਜ਼ਤ ਕਿਸੇ ਕੀਮਤ `ਤੇ ਨਹੀ ਦਿੱਤੀ ਜਾ ਸਕਦੀ।ਪ੍ਰੰਤੂ ਸਿੱਖ ਇਤਿਹਾਸ ਦੇ ਸੂਰਬੀਰ ਯੋਧਿਆਂ ਜਾਂ ਬੰਦਗੀ ਵਾਲੀਆਂ ਰੂਹਾਂ ਉਪਰ ਚਲੰਤ ਐਨੀਮੇਸ਼ਨ ਬਣਾਉਣ ਜਾਂ ਨਾ ਬਣਾਉਣ ਬਾਰੇ ਗੁਰੂ ਪੰਥ ਦੀਆਂ ਪੰਥਕ ਸੰਸਥਾਵਾਂ, ਸੰਪਰਦਾਵਾਂ ਉਚੇਚ ਕਰਕੇ ਸਿੱਖ ਬੁੱਧੀਜੀਵੀਆਂ, ਚਿੰਤਕਾਂ ਦੀਆਂ ਰਾਵਾਂ ਲੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਤਾਂ ਜੋ ਇਸ ਸਬੰਧੀ ਭਵਿੱਖ ਵਿੱਚ ਠੋਸ ਫੈਸਲਾ ਲਿਆ ਜਾ ਸਕੇ।
ਜਥੇਦਾਰ ਨੇ ਇਹ ਵੀ ਕਿਹਾ ਕਿ ਭਵਿੱਖ ਵਿਚ ਪੰਥਕ ਮੁਦਿਆਂ `ਤੇ ਸੰਵਾਦ ਰਚਾਉਣ ਦੀ ਵੱਡੀ ਲੋੜ ਹੈ।ਇਸ ਲਈ ਸਿੱਖ ਬੁੱਧੀਜੀਵੀ ਯੂਨੀਵਰਸਿਟੀਆਂ, ਕਾਲਜਾਂ ਵਿੱਚ ਪੜਦੇ ਸਿੱਖ ਨੌਜਵਾਨ ਅੱਗੇ ਆਉਣ ਤਾਂ ਜੋ ਆਪਸੀ ਟਕਰਾਅ ਤੋਂ ਬਚਿਆ ਜਾ ਸਕੇ ਅਤੇ ਮੁਦਿਆਂ ਦਾ ਹੱਲ ਵੀ ਨਿਕਲੇ।ਗੁਰੂ ਪੰਥ ਬਹੁਤ ਨਾਜ਼ੂਕ ਦੌਰ ਵਿਚੋਂ ਗੁਜ਼ਰ ਰਿਹਾ ਹੈ।ਸਿੱਖ ਪ੍ਰੰਪਰਾ ਮਰਿਯਾਦਾਵਾਂ ਅਤੇ ਸਿਧਾਂਤਾ ਨੂੰ ਸੁਰੱਖਿਅਤ ਰੱਖਣ ਲਈ ਪੰਥਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਵੱਡੀ ਲੋੜ ਹੈ, ਇਸ ਲਈ ਕੌਮ ਇਕਜੁੱਟ ਹੋਵੇ।
Check Also
ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …
Punjab Post Daily Online Newspaper & Print Media