100 ਘੰਟੇ ਬੀਤ ਜਾਣ ਤੋਂ ਬਾਅਦ ਵੀ ਹੱਥ ਖ਼ਾਲੀ
ਲੌਂਗੋਵਾਲ, 10 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਭਗਵਾਨ ਪੁਰਾ ਵਿਖੇ 6 ਜੂਨ ਵੀਰਵਾਰ ਨੂੰ ਸ਼ਾਮ ਲਗਭਗ 4.00 ਵਜੇ ਬੋਰਵੈਲ ਵਿੱਚ ਡਿੱਗੇ 2
ਸਾਲਾ ਫ਼ਤਿਹਵੀਰ ਨੂੰ ਕੱਢਣ `ਚ ਹਾਲੇ ਤੱਕ ਵੀ ਕਾਮਯਾਬੀ ਨਹੀਂ ਮਿਲ ਸਕੀ।ਹਾਲਾਂਕਿ ਫ਼ਤਿਹਵੀਰ ਨੂੰ ਬੋਰ ਵਿੱਚ ਡਿੱਗੇ ਨੂੰ ਸੋਮਵਾਰ ਸ਼ਾਮ ਤੱਕ ਲਗਭਗ 100 ਘੰਟੇ ਬੀਤ ਚੁੱਕੇ ਹਨ, ਪਰ ਫੇਰ ਵੀ ਪ੍ਰਸਾਸ਼ਨ ਦੇ ਹੱਥ ਖ਼ਾਲੀ ਹੀ ਹਨ।ਜਿਸ ਕਾਰਨ ਘਟਨਾ ਵਾਲੀ ਥਾਂ` ਤੇ ਇਕੱਠੇ ਹੋਏ ਲੋਕਾਂ ਵਲੋਂ ਰੋਸ ਜ਼ਾਹਿਰ ਕਰਦਿਆਂ ਸੁਨਾਮ-ਬਠਿੰਡਾ ਰੋਡ `ਤੇ ਧਰਨਾ ਲਗਾ ਕੇ ਜਾਮ ਲੱਗਾ ਦਿੱਤਾ ਗਿਆ।ਲੋਕਾਂ ਵਲੋਂ ਸਰਕਾਰ, ਪ੍ਰਸ਼ਾਸਨ ਅਤੇ ਐਨ.ਡੀ.ਆਰ.ਐਫ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸੋਮਵਾਰ ਨੂੰ ਕੀ ਹੋਇਆ ਮਿਸ਼ਨ ਫ਼ਤਿਹ ਵੀਰ ਲਈ ਕੰਮ ਕਰਨ ਸਮੇਂ ਕਈ ਤਰਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਜਿਸ ਵਿੱਚ ਸੁਰੰਗ ਗ਼ਲਤ ਪੁੱਟੀ ਜਾਣੀ ਅਤੇ ਸੁਰੰਗ ਵਿੱਚ ਫ਼ਤਿਹ ਵੀਰ ਤੱਕ ਪਹੁੰਚਣ ਲਈ ਸਹੀ ਦਿਸ਼ਾ ਦਾ ਪਤਾ ਨਾ ਲੱਗ ਸਕਣ ਕਾਰਨ ਰੈਸਕਿਉ ਆਪ੍ਰੇਸ਼ਨ ਵਿੱਚ ਅੜਚਣਾਂ ਪੇਸ਼ ਆਉਣ ਕਾਰਨ ਫ਼ਤਿਹਵੀਰ ਤੱਕ ਪਹੁੰਚਣ ਵਿੱਚ ਦੇਰ ਹੁੰਦੀ ਰਹੀ।
ਸ਼ਾਮ ਤੱਕ ਫ਼ੌਜ ਨੂੰ ਆਪਰੇਸ਼ਨ ਨਹੀਂ ਸੌਂਪਿਆ ਗਿਆ ਐਨ.ਡੀ.ਆਰ.ਐਫ ਵਲੋਂ ਅਪਣਾਈਆਂ ਗਈਆਂ ਤਕਨੀਕਾਂ ਹਰ ਪਾਸਿਉਂ ਫ਼ੇਲ੍ਹ ਹੀ ਸਾਬਤ ਹੋਇਆਂ ਹਨ।ਬੇਸ਼ੱਕ ਪਿਛਲੇ 5 ਦਿਨਾਂ ਤੋਂ ਐਨ.ਡੀ.ਆਰ.ਐਫ ਜੀਅ ਤੋੜ ਕੋਸ਼ਿਸ਼ਾਂ ਰਾਹੀਂ ਮਿਸ਼ਨ ਨੂੰ ਸਫਲ ਬਣਾਉਣ ਵਿੱਚ ਲੱਗੀ ਹੋਈ ਹੈ, ਪਰ ਫੇਰ ਵੀ ਉਸ ਨੂੰ ਸਫਲਤਾ ਨਹੀਂ ਮਿਲ ਸਕੀ।ਅਸਫਲਤਾ ਦੇਖ ਕੇ ਫ਼ੌਜ ਨੂੰ ਮੌਕੇ `ਤੇ ਬੁਲਾਇਆ ਗਿਆ।ਪਰ ਫ਼ੌਜ ਦੇ ਘਟਨਾ ਵਾਲੀ ਥਾਂ `ਤੇ ਪਹੁੰਚਣ `ਤੇ ਵੀ ਫ਼ੌਜ ਨੂੰ ਮਿਸ਼ਨ ਨਹੀਂ ਸੌਂਪਿਆ ਗਿਆ।ਕਿਉਂਕਿ ਐਨ.ਡੀ.ਆਰ.ਐਫ ਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਸੀ ਕਿ ਜੇਕਰ ਅਜਿਹਾ ਕੀਤਾ ਜਾਂਦਾ ਤਾਂ ਐਨ.ਡੀ.ਆਰ.ਐਫ ਦੀ ਕਾਰਜਪ੍ਰਣਾਲੀ `ਤੇ ਸਵਾਲੀਆ ਨਿਸ਼ਾਨ ਵੀ ਲੱਗ ਸਕਦੇ ਸਨ।ਜਿਸ ਕਾਰਨ ਉਨ੍ਹਾਂ ਖ਼ੁਦ ਕੁੱਝ ਦੇਰ ਹੋਰ ਆਪਰੇਸ਼ਨ ਜਾਰੀ ਰੱਖਣ ਦਾ ਫ਼ੈਸਲਾ ਲੈਂਦਿਆਂ ਰੈਸਕਿਉ ਆਪਰੇਸ਼ਨ ਜਾਰੀ ਰੱਖਿਆ।ਜਿਸ ਕਾਰਨ ਫ਼ੌਜ ਸ਼ਾਮ ਨੂੰ ਖ਼ਬਰ ਲਿਖੇ ਜਾਣ ਤੱਕ ਮਿਸ਼ਨ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਸਕੀ।
ਤਜਰਬੇਕਾਰ ਲੋਕਾਂ ਨੂੰ ਦੂਰ ਰੱਖਿਆ ਗਿਆ ਬੋਰ ਅਤੇ ਖੂਹੀਆਂ ਪੁੱਟਣ ਵਰਗੇ ਕੰਮ ਕਰਨ ਵਾਲੇ ਲੋਕਾਂ ਵਲੋਂ ਸਹਾਇਤਾ ਕਰਨ ਦਾ ਪ੍ਰਸਤਾਵ ਰੱਖਣ ਦੇ ਬਾਵਜੂਦ ਵੀ ਅਜਿਹੇ ਲੋਕਾਂ ਤੋਂ ਸਹਾਇਤਾ ਲੈਣ ਦੀ ਬਜ਼ਾਏ ਉਨ੍ਹਾਂ ਨੂੰ ਇਸ ਮਿਸ਼ਨ ਤੋਂ ਦੂਰ ਹੀ ਰੱਖਿਆ ਗਿਆ।ਜਦੋਂ ਕਿ ਅਜਿਹੇ ਲੋਕਾਂ ਦਾ ਬੋਰ ਅਤੇ ਖੂਹੀਆਂ ਪੁੱਟਣ ਦਾ ਤਜਰਬਾ ਹੁੰਦਾ ਹੈ ਜੋ ਕਿ ਇਸ ਮਿਸ਼ਨ ਵਿੱਚ ਬਹੁਤ ਕੰਮ ਆ ਸਕਦਾ ਸੀ ਅਤੇ ਬਹੁਤ ਘੱਟ ਸਮੇਂ ਵਿੱਚ ਫ਼ਤਿਹਵੀਰ ਬਹੁਤ ਜਲਦੀ ਬੋਰ ਵਿੱਚੋਂ ਬਾਹਰ ਆ ਸਕਦਾ ਸੀ।ਕੁਰੂਕਸ਼ੇਤਰ (ਹਰਿਆਣਾ) ਤੋਂ ਆਏ ਇੱਕ ਗਰੁੱਪ ਦੀ ਵੀ ਸਹਾਇਤਾ ਲੈਣ ਤੋਂ ਐਨ.ਡੀ.ਆਰ.ਐਫ ਨੇ ਜਵਾਬ ਦੇ ਦਿੱਤਾ ਸੀ।ਪਰ ਸੋਮਵਾਰ ਦੁਪਹਿਰ ਬਾਅਦ ਐਨ.ਡੀ.ਆਰ.ਐਫ ਨੇ ਉਨ੍ਹਾਂ ਦੀ ਸਹਾਇਤਾ ਲੈਣ ਲਈ ਉਸ ਗਰੁੱਪ ਨੂੰ ਕੁਰੂਕਸ਼ੇਤਰ ਤੋਂ ਦੁਬਾਰਾ ਬੁਲਾਇਆ।ਅਜਿਹੇ ਲੋਕਾਂ ਨੂੰ ਦੂਰ ਰੱਖਣ ਕਾਰਨ ਵੀ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ।
ਸੋਸ਼ਲ ਮੀਡੀਆ ਤੇ ਲੋਕਾਂ ਨੇ ਰੋਸ ਜ਼ਾਹਿਰ ਕੀਤਾ-ਇਸ ਆਪ੍ਰੇਸ਼ਨ ਲਈ ਕੀਤੀ ਜਾ ਰਹੀ ਦੇਰੀ ਕਾਰਨ ਲੋਕਾਂ ਵਲੋਂ ਸੋਸ਼ਲ ਮੀਡੀਆ ਰਾਹੀਂ ਵੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਗਈ।ਜਿਸ ਵਿਚ ਉਨ੍ਹਾਂ ਸਰਕਾਰ, ਪ੍ਰਸ਼ਾਸਨ ਅਤੇ ਹੋਰਨਾਂ ਸਰਕਾਰੀ ਏਜੰਸੀਆਂ ਲਈ ਰੋਸ ਜ਼ਾਹਿਰ ਕੀਤਾ, ਉਥੇ ਹੀ ਲੋਕਾਂ ਨੇ ਸ਼ਾਹ ਸਤਨਾਮ ਗਰੀਨ ਵੈਲਫੇਅਰ ਸੋਸਾਇਟੀ ਸਮੇਤ ਹੋਰਨਾਂ ਸੰਸਥਾਵਾਂ ਵਲੋਂ ਕੀਤੇ ਗਏ ਕੰਮ ਦੀ ਪ੍ਰਸੰਸਾ ਕੀਤੀ।
ਘਟਨਾ ਵਾਲੀ ਜਗਾ ਤੇ ਇਹ ਰਹੇ ਹਾਜ਼ਰ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਘਣਸ਼ਿਆਮ ਥੋਰੀ, ਐੱਸ.ਐਸ.ਪੀ ਡਾਕਟਰ ਸੰਦੀਪ ਗਰਗ, ਕੈਬਿਨਟ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਵਿੱਤ ਮੰਤਰੀ ਪੰਜਾਬ ਅਤੇ ਹਲਕਾ ਲਹਿਰਾਗਾਗਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਹਲਕਾ ਸੰਗਰੂਰ ਸੰਸਦ ਮੈਂਬਰ ਭਗਵੰਤ ਮਾਨ, ਸੂਬਾ ਕਾਂਗਰਸ ਸਕੱਤਰ ਹਰਮਨ ਦੇਵ ਸਿੰਘ ਬਾਜਵਾ, ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਭਾਜਪਾ ਦੀ ਸੂਬਾ ਕਮੇਟੀ ਮੈਂਬਰ ਪ੍ਰੇਮ ਗੁਗਨਾਨੀ, ਭਾਜਪਾ ਆਗੂ ਅਮਨਦੀਪ ਸਿੰਘ ਪੂਨੀਆ, ਅਕਾਲੀ ਆਗੂ ਮਨਿੰਦਰ ਲਖਮੀਰ ਵਾਲਾ, ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਨਮੋਲ ਸਮੇਤ ਵੱਡੀ ਗਿਣਤੀ ਵਿੱਚ ਹੋਰ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਮੌਜੂਦ ਰਹੇ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media