Tuesday, April 14, 2026

`ਆਈਲੈਟਸ` (ਮਿੰਨੀ ਕਹਾਣੀ)

          ਪੁੱਤਰਾ ਜੇ ਕੋਈ ਨੌਕਰੀ ਨਹੀ ਮਿਲਦੀ ਤਾਂ ਮੇਰੇ ਨਾਲ ਥੋੜਾ ਬਹੁਤ ਖੇਤੀ ਦਾ ਕੰਮ ਧੰਦਾ ਹੀ ਕਰਾ ਦਿਆ ਕਰ।ਤੂੰ ਆਹ ਨੌਕਰੀ ਦੇ ਚੱਕਰਾਂ `ਚ ਪਤਾ ਨੀ ਕਿੰਨੇ ਜੋੜੇ ਜੁੱਤੀਆਂ ਦੇ ਘਸਾ ਦਿੱਤੇ ਨੇ ਤੇ ਤੇਰੇ ਪੱਲੇ ਕੱਖ ਨਹੀ ਪਿਆ।ਸੁਰਜਨ ਸਿਉਂ ਆਪਣੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨ ਪੁੱਤ ਨੂੰ ਸੰਬੋਧਨ ਕਰਦਿਆਂ ਬੋਲਿਆ।
ਮੈ ਕੀ ਕਰਾ ਬਾਪੂ ਪੜ੍ਹ ਲਿਖ ਕੇ ਥੱਬਾ ਡਿਗਰੀਆਂ ਦਾ ਚੱਕੀ ਫਿਰਦਾਂ।ਮੈ ਇਸ ਪੜ੍ਹਾਈ `ਤੇ ਤੇਰੀ ਮਿਹਨਤ ਨਾਲ ਕੀਤੀ ਕਮਾਈ ਦੇ ਲੱਖਾਂ ਰੁਪਏ ਖਰਚ ਕੀਤੇ ਨੇ।ਪਰ ਪੜ੍ਹਾਈ ਦਾ ਕੌਡੀ ਮੁੱਲ ਨਹੀਂ ਪਿਆ।ਕੀ ਕਰੀਏ ਬਾਪੂ ਜਿੱਧਰ ਜਾਈ ਦਾ ਨੌਕਰੀ ਲਈ ਬੇਰੁਜ਼ਗਾਰ ਮੁੰਡੇ ਕੁੜੀਆ ਦੀਆ ਲਾਈਨਾ ਲੱਗੀਆ ਪਈਆਂ ਨੇ ਸਾਡੇ ਮੁਲਕ ਵਿੱਚ ਕੋਈ ਕੀਮਤ ਨਹੀ ਹੁਨਰ ਦੀ ਏਨਾ ਕਹਿੰਦਾ ਗਗਨ ਉਦਾਸ ਹੋ ਮੰਜੇ `ਤੇ ਸਿਰ ਫੜ ਕੇ ਬਹਿ ਗਿਆ।
ਹੁਣ ਫਿਰ ਪੁੱਤਰਾ ਕੀਤਾ ਵੀ ਕੀ ਜਾ ਸਕਦਾ।ਆਪਾਂ ਜਿੰਨੇ ਯੋਗੇ ਸੀ ਪੂਰੀ ਵਾਹ ਲਾ ਦਿੱਤੀ ਏ।ਹੁਣ ਤੂੰ ਅੱਗੇ ਕੀ ਸੋਚਿਆ ਪੁੱਤ।
       ਮੈ ਸੋਚ ਲਿਆ ਏ ਬਾਪੂ ਹੁਣ ਮੈ ਆਈਲੈਟਸ ਕਰਾਂਗਾ ਤੇ ਪੰਦਰਾ ਲੱਖ ਲਾ ਕੇ ਵਿਦੇਸ਼ ਜਾ ਕੇ ਪੜਾਂਗਾ, ਨਾਲੇ ਮਿਹਨਤ ਕਰਕੇ ਚਾਰ ਪੈਸੇ ਕਮਾਂਵਾਗਾ ਅਤੇ ਆਪਣਾ ਭਵਿੱਖ ਬਣਾਵਾਂਗਾ।ਏਨਾ ਕਹਿੰਦੇ ਹੋਏ ਗਗਨ ਦੇ ਅੱਖਾਂ ਚੋਂ ਕੁੱਝ ਉਮੀਦ ਤੇ ਚਮਕ ਆ ਗਈ।
ਪਰ ਸੁਰਜਨ ਸਿਉਂ ਨੇ ਪੁੱਤ ਦੀ ਪੜ੍ਹਾਈ ਲਈ ਪਹਿਲਾਂ ਹੀ ਦੋ ਕਿੱਲੇ ਜਮੀਨ ਗਹਿਣੇ ਕੀਤੀ ਹੋਈ ਏ ਅਤੇ ਪੁੱਤ ਦੀ ਪੰਦਰਾ ਲੱਖ ਵਾਲੀ ਗੱਲ ਸੁਣ ਕੇ ਉਸ ਨੂੰ ਆਪਣੇ ਬਾਪ ਦਾਦੇ ਦੀ ਸਖਤ ਮਿਹਨਤ ਨਾਲ ਵਾਹੀ ਯੋਗ ਬਣਾਈ ਬੰਜਰ ਜਮੀਨ ਦਾ ਨਿਆਈ ਵਾਲਾ ਕਿੱਲਾ ਹੁਣ ਵਿੱਕਦਾ ਵਿਖਾਈ ਦੇ ਰਿਹਾ ਸੀ।

Baltej Sandhu1

 

 

ਬਲਤੇਜ ਸੰਧੂ
ਬੁਰਜ ਲੱਧਾ ਸਿੰਘ ਵਾਲਾ
ਬਠਿੰਡਾ।
ਮੋ – 9465818158

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply