ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਸਵੰਤ ਸਿੰਘ ਕੰਵਲ ਦੀ ਸਿਹਤਯਾਬੀ ਲਈ ਕੀਤੀ ਕਾਮਨਾ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਅੱਜ ਇਕ ਵਫ਼ਦ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਜਸਵੰਤ ਸਿੰਘ ਕੰਵਲ ਦਾ ਹਾਲ-ਚਾਲ ਜਾਣ ਲਈ ਪੁੱਜਿਆ। ਸ: ਕੰਵਲ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਉਨ੍ਹਾਂ ਦੇ ਪਿੰਡ ਢੁੱਡੀਕੇ ਵਿਖੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਗਏ ‘ਪੰਜ ਰੋਜ਼ਾ ਪੂਰਨਮਾਸ਼ੀ ਉਤਸਵ’ ’ਚ ਕਾਲਜ ਦੇ ਵਫ਼ਦ ਨੇ ਸ਼ਿਰਕਤ ਕਰਕੇ ਆਪਣੀ ਹਾਜ਼ਰੀ ਲਵਾਈ।
ਪ੍ਰਿੰਸੀਪਲ ਡਾ. ਮਹਿਲ ਨੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਕੁਲਦੀਪ ਸਿੰਘ ਅਤੇ ਡਾ. ਕਾਰਜ ਸਿੰਘ ਨਾਲ ਪਿੰਡ ਢੁੱਡੀਕੇ ਵਿਖੇ ਪਹੁੰਚ ਕੇ ਜਸਵੰਤ ਸਿੰਘ ਕੰਵਲ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਚਰਚਾ ਕਰਦਿਆਂ ਉਨ੍ਹਾਂ ਦੀਆਂ ਵੱਖ-ਵੱਖ ਗਲਪ ਰਚਨਾਵਾਂ ਬਾਰੇ ਕਿਹਾ ਕਿ ਇਹ ਪੰਜਾਬ ਦੀ ਧਰਤੀ ਤੇ ਚੱਲੀਆਂ ਵੱਖ-ਵੱਖ ਲਹਿਰਾਂ ਦਾ ਅਤੇ ਪੰਜਾਬ ਦਾ ਇਤਿਹਾਸ ਹਨ।ਉਨ੍ਹਾਂ ਇਹ ਵੀ ਕਿਹਾ ਕਿ ਸ: ਕੰਵਲ ਦੀਆਂ ਰਚਨਾਵਾਂ ’ਚ ਵੰਨ-ਸੁਵੰਨਤਾ ਹੈ ਜੋ ਹਰ ਕਿਸਮ ਦੇ ਪਾਠਕ ਨੂੰ ਖਿੱਚ ਪਾਉਂਦੀ ਹੈ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਸਮਾਗਮ ਉਪਰੰਤ ਬਿਰਧ ਅਵਸਥਾ ’ਚ ਮੰਜੇ ਤੇ ਲੇਟੇ ਇਸ ਮਹਾਨ ਪੰਜਾਬੀ ਨਾਵਲਕਾਰ ਨੂੰ ਕਾਲਜ ਵੱਲੋਂ ਸ਼ਾਲ ਅਤੇ ਸ਼ੋਭਾ-ਪੱਤਰ ਪੇਸ਼ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਲੰਮੀ ਅਤੇ ਸਿਹਤਮੰਦ ਉਮਰ ਦੀ ਕਾਮਨਾ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਕੰਵਲ ਪੰਜਾਬੀ ਸਾਹਿਤ ਦਾ ਪਹਿਲਾ ਸਾਹਿਤਕਾਰ ਹੈ, ਜਿਸ ਦੀ 100ਵੀਂ ਜਨਮ ਵਰ੍ਹੇਗੰਢ ਮਨਾਈ ਜਾ ਰਹੀ ਹੈ।ਇਨ੍ਹਾਂ ਪੰਜ ਦਿਨਾਂ ਸਮਾਗਮਾਂ ’ਚ ਪੰਜਾਬੀ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਜਸਵੰਤ ਸਿੰਘ ਕੰਵਲ ਦੀਆਂ ਪ੍ਰਾਪਤੀਆਂ ਨੂੰ ਇੱਕ ਉਤਸਵ ਵਜੋਂ ਮਨਾਇਆ ਜਾ ਰਿਹਾ ਹੈ।
Punjab Post Daily Online Newspaper & Print Media