ਦੇਸ਼ ਵਿੱਚ ਹਜਾਰਾਂ ਬੱਚੇ ਬਣ ਰਹੇ ਹਨ ਅਵਾਰਾ ਕੁੱਤਿਆਂ ਦਾ ਸ਼ਿਕਾਰ- ਔਜਲਾ
ਅੰਮ੍ਰਿਤਸਰ/ ਨਵੀਂ ਦਿੱਲੀ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਦੇਸ਼ ਵਿੱਚ ਅਵਾਰਾ ਕੁੱਤਿਆਂ ਦੀ ਵਧ ਰਹੀ
ਗਿਣਤੀ `ਤੇ ਨਿੱਤ ਦਿਨ ਇੰਨ੍ਹਾਂ ਕੁੱਤਿਆਂ ਦੇ ਸ਼ਿਕਾਰ ਲੋਕਾਂ ਦੀ ਅਵਾਜ਼ ਨੂੰ ਉਠਾਉਂਦਿਆਂ ਇਸ ਸੰਜ਼ੀਦਾ ਮਸਲੇ ਵੱਲ ਕੇਂਦਰ ਸਰਕਾਰ ਦਾ ਧਿਆਨ ਖਿੱਚਿਆ ਹੈ।
ਲ਼ੋਕ ਸਭਾ ਸਪੀਕਰ ਓਮ ਬਿਰਲਾ ਦੀ ਅਗਵਾਈ ਹੇਠ ਚੱਲ ਰਹੇ ਸੰਸਦ ਦੇ ਸੈਸ਼ਨ ਦੌਰਾਨ ਬੋਲਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ ਦੇਸ਼ ਵਿੱਚ ਇਸ ਸਮੇਂ 3.5 ਕਰੋੜ ਅਵਾਰਾ ਕੁੱਤੇ ਹਨ।ਜਿਨ੍ਹਾਂ ਦੇ ਕੱਟਣ ਨਾਲ ਹਰ ਸਾਲ ਹਜਾਰਾਂ ਇਨਸਾਨੀ ਜਿੰਦਗੀਆਂ ਹਲਕਾਅ ਦੀ ਬਿਮਾਰੀ ਕਾਰਨ ਇਸ ਸੰਸਾਰ ਨੂੰ ਅਲਵਿਦਾ ਆਖ ਜਾਂਦੀਆਂ ਹਨ, ਦੇਸ਼ ਵਿੱਚ ਇੰਨ੍ਹਾਂ ਕੁੱਤਿਆਂ ਨੂੰ ਮਾਰਨ ਤੇ ਲਗਾਈ ਪਾਬੰਧੀ ਕਾਰਨ ਇੰਨ੍ਹਾਂ ਦੀ ਗਿਣਤੀ ਵਿੱਚ ਹਰ ਸਾਲ ਬਹੁਤ ਜਿਆਦਾ ਵਾਧਾ ਹੋ ਰਿਹਾ ਹੈ, ਜੋ ਕਿ ਆਉਣ ਵਾਲੇ ਸਮੇਂ ਵਿੱਚ ਇਨਸਾਨੀ ਜਿੰਦਗੀ ਲਈ ਖਤਰੇ ਦੀ ਘੰਟੀ ਹੈ।ਔਜਲਾ ਨੇ ਦੱਸਿਆ ਕਿ ਕੁੱਤਿਆਂ ਦੇ ਕੱਟਣ ਨਾਲ ਹਲਕਾਅ ਹੋਣ ਕਾਰਨ ਦੱਖਣੀ ਏਸ਼ੀਆ ਵਿੱਚ ਵਿਸ਼ਵ ਦੇ 45 ਪ੍ਰਤੀਸ਼ਤ ਕੇਸ ਹਰ ਸਾਲ ਸਾਹਮਣੇ ਆਉਂਦੇ ਹਨ, ਜਿੰਨ੍ਹਾਂ ਵਿੱਚੋਂ ਇਕੱਲੇ ਭਾਰਤ ਵਿੱਚ ਹੀ 35 ਪ੍ਰਤੀਸ਼ਤ ਘਟਨਾਵਾਂ ਵਾਪਰਦੀਆਂ ਹਨ।ਔਜਲਾ ਨੇ ਇਸ ਅਤਿ ਸੰਵੇਦਨਸ਼ੀਲ ਮਸਲੇ ਤੇ ਕੇਂਦਰ ਸਰਕਾਰ ਦੇ ਦਖਲ ਦੀ ਮੰਗ ਕਰਦਿਆਂ ਕਿਹਾ ਕਿ ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਤੋਂ ਪੈਦਾ ਹੋ ਰਹੀ ਸਮੱਸਿਆ ਦਾ ਸਾਹਮਣਾ ਕਰ ਰਹੇ ਪੰਜਾਬ ਵਿੱਚ ਇਹ ਸਮੱਸਿਆ ਗੰਭੀਰ ਰੂਪ ਅਖਤਿਆਰ ਕਰਦੀ ਜਾ ਰਹੀ ਹੈ ਤੇ ਇੰਨ੍ਹਾਂ ਕੁੱਤਿਆਂ ਕਾਰਨ ਬੱਚਿਆਂ, ਬਜੁਰਗਾਂ ਤੇ ਔਰਤਾਂ ਦਾ ਇਕੱਲੇ ਘਰ ਤੋਂ ਬਾਹਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ।ਪੰਜਾਬ `ਚ ਇੰਨ੍ਹਾਂ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਸਾਲ ਦਰ ਸਾਲ ਵਧਦੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਅਵਾਰਾ ਕੁੱਤਿਆਂ ਦੇ ਕੱਟਣ ਦੀਆਂ ਸਾਲ 2015 ਵਿੱਚ 22 ਹਜਾਰ, 2016 ਵਿੱਚ 37 ਹਜਾਰ, 2017 ਵਿੱਚ 54 ਹਜਾਰ ਤੇ ਸਾਲ 2018 ਵਿੱਚ 1 ਲੱਖ ਤੋਂ ਜਿਆਦਾ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਇੰਨ੍ਹਾਂ ਘਟਨਾਵਾਂ ਵਿੱਚ ਅੱਧੇ ਤੋਂ ਜਿਆਦਾ ਘਟਨਾਵਾਂ ਵਿੱਚ ਅਵਾਰਾ ਕੁੱਤਿਆਂ ਵਲੋਂ ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ।ਔਜਲਾ ਨੇ ਦੱਸਿਆ ਕਿ ਸ਼ਹਿਰਾਂ ਵਿੱਚ ਫਿਰਦੇ ਅਵਾਰਾ ਕੁੱਤੇ ਕੂੜੇ ਦੇ ਢੇਰਾਂ `ਤੇ ਪਲਦੇ ਹਨ ਉਥੇ ਹੀ ਪਿੰਡਾਂ ਵਿੱਚ ਇੰਨ੍ਹਾਂ ਅਵਾਰਾ ਕੁੱਤਿਆਂ ਦਾ ਭੋਜਨ ਦਾ ਜਰੀਆ ਪਿੰਡਾਂ ਵਿੱਚ ਬਣੇ ਹੱਡਾ-ਰੋਡੀ (ਜਿਥੇ ਮਰੇ ਹੋਏ ਪਸ਼ੂਆਂ ਨੂੰ ਸੁਟਿਆ ਜਾਂਦਾ ਹੈ) ਹੁੰਦੇ ਹਨ।ਇਹ ਹੱਡਾ ਰੋਡੀ ਜਿਆਦਾਤਰ ਸਰਕਾਰੀ ਸਕੂਲਾਂ ਦੇ ਨਜ਼ਦੀਕ ਹੁੰਦੇ ਹਨ ਅਤੇ ਸਕੂਲ ਜਾਣ ਵਾਲੇ ਛੋਟੇ ਬੱਚੇ ਇੰਨ੍ਹਾਂ ਅਵਾਰਾ ਕੁੱਤਿਆਂ ਦਾ ਸੌਖਾ ਸ਼ਿਕਾਰ ਬਣ ਜਾਂਦੇ ਹਨ।ਔਜਲਾ ਨੇ ਭਾਵੁਕ ਹੁੰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਗੰਭੀਰ ਸਮੱਸਿਆ ਤੇ ਫੌਰੀ ਕਾਰਵਾਈ ਕਰ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਸਮੇਤ ਹੋਰ ਕਦਮ ਉਠਾ ਕੇ ਇਨਸਾਨੀ ਜਿੰਦਗੀਆਂ ਨੂੰ ਬਚਾਇਆ ਜਾਵੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media