ਅੰਮ੍ਰਿਤਸਰ, 31 ਜੁਲਾਈ (ਗੁਰਪ੍ਰੀਤ ਸਿੰਘ) – ਕਾਰ ਸੇਵਾ ਤੇ ਧਾਰਮਿਕ ਕਾਰਜਾਂ ਦੇ ਨਾਲ-ਨਾਲ ਵਾਤਾਵਰਣ ਦੀ ਸਾਂਭ-ਸੰਭਾਲ ਲਈ ਮੁੜ ਰੁੱਖ
ਲਗਾਉਣ ਦੇ ਆਰੰਭ ਕੀਤੇ ਕਾਰਜਾਂ ਤਹਿਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਮੇਅਰ ਕਰਮਜੀਤ ਸਿੰਘ ਰਿੰਟੂ, ਬੀਬੀ ਹਰਿੰਦਰ ਕੌਰ ਬੁਲਾਰੀਆ ਤੇ ਬਾਵਾ ਸਿੰਘ ਗੁਮਾਨਪੁਰਾ ਮੈਂਬਰ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਸਥਾਨਕ ਤਰਨਤਾਰਨ ਰੋਡ ’ਤੇ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ।
ਡੀ.ਸੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜੋਕੇ ਯੁੱਗ ਵਿਚ ਵਾਤਾਵਰਣ ਦੀ ਸਾਂਭ-ਸੰਭਾਲ ਕਰਨਾ ਵੀ ਮਨੁੱਖਤਾ ਦੀ ਵੱਡੀ ਸੇਵਾ ਹੈ ਅਤੇ ਅਜਿਹਾ ਕਾਰਜ ਸੰਤਾ ਮਹਾਂਪੁਰਸ਼ਾਂ ਵੱਲੋਂ ਆਰੰਭਣਾ ਸੰਗਤਾਂ ਲਈ ਹੋਰ ਵੀ ਪ੍ਰੇਰਣਾਦਾਇਕ ਹੋਵੇਗਾ। ਉਨ੍ਹਾਂ ਕਿਹਾ ਕਿ ਦਿਨ-ਬ-ਦਿਨ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਕਾਰਨ ਮਨੁੱਖੀ ਜੀਵਨ ਗੰਭੀਰ ਬਿਮਾਰੀਆਂ ਦੀ ਜਕੜ ਵਿਚ ਫਸ ਗਿਆ ਹੈ।ਧਰਤੀ ਦਾ ਹਵਾ, ਪਾਣੀ ਗੰਦਲਾ ਹੋ ਚੁੱਕਾ ਹੈ ਅਤੇ ਮਨੁੱਖਾਂ ਲਈ ਤਾਂ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ।ਸੋ ਅੱਜ ਵਾਤਾਵਰਣ ਨੂੰ ਬਚਾਉਣ ਲਈ ਜਾਗਰੂਕ ਹੋਣ ਦੀ ਲੋੜ ਹੈ।ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਕਾਰ ਸੇਵਾ ਸੰਤ ਭੂਰੀ ਵਾਲਿਆਂ ਵੱਲੋਂ ਆਰੰਭੇ ਕਾਰਜ ਨੂੰ ਨਗਰ ਨਿਗਮ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।ਉਨ੍ਹਾਂ ਅਪੀਲ ਕੀਤੀ ਕਿ ਦੇ ਵਾਤਾਵਰਣ ਨੂੰ ਸਾਫ ਤੇ ਸੁੰਦਰ ਬਣਾਉਣ ਲਈ ਲੋਕ ਅੱਗੇ ਆਉਣ।
ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਜੀ ਨੇ ਕਿਹਾ ਕਿ ਨੌਜਵਾਨਾਂ ਦੇ ਉਤਸ਼ਾਹ ਨੂੰ ਵੇਖਦਿਆਂ ‘ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਤਾਵਰਣ ਸਾਂਭ-ਸੰਭਾਲ’ ਸੰਸਥਾ ਬਣਾਈ ਗਈ ਹੈ, ਜਿਸ ਦੀ ਜ਼ਿੰਮੇਵਾਰੀ ਭਾਈ ਅਮਰਜੀਤ ਸਿੰਘ ਤੇ ਬਿਕਰਮਜੀਤ ਸਿੰਘ ਨੂੰ ਸੌਂਪੀ ਗਈ ਹੈ।ਇਹ ਸੰਸਥਾ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਰਵਾਇਤੀ ਤੇ ਵਿਰਾਸਤੀ ਰੁੱਖ ਲਗਾ ਕੇ ਇੰਨਾਂ ਦੀ ਬਕਾਇਦਾ ਸਾਂਭ-ਸੰਭਾਲ ਵੀ ਕਰੇਗੀ।
ਇਸ ਮੌਕੇ ਵਣਮੰਡਲ ਅਫਸਰ ਸੁਰਜੀਤ ਸਿੰਘ ਸਹੋਤਾ, ਸਾਬਕਾ ਨਾਇਬ ਤਹਿਸੀਲਦਾਰ ਸੁਖਰਾਜ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੀਤ ਸਕੱਤਰ ਰਾਮ ਸਿੰਘ ਭਿੰਡਰ, ਅਮਰਜੀਤ ਸਿੰਘ, ਬਿਕਰਮਜੀਤ ਸਿੰਘ, ਮਹੰਤ ਗੋਪਾਲ ਸਿੰਘ ਕੋਠਾਰੀ, ਮੁਖਤਾਰ ਸਿੰਘ, ਕੁਲਦੀਪ ਸਿੰਘ ਪੰਡੋਰੀ, ਪ੍ਰਿਤਪਾਲ ਸਿੰਘ ਮਠਾਰੂ, ਗੁਰਜੀਤ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਜੋਧ ਸਿੰਘ, ਕਰਮਜੀਤ ਸਿੰਘ ਤੇ ਸੰਗਤਾਂ ਹਾਜ਼ਰ ਸਨ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media