ਭਾਜੀ, ਵੱਡੇ ਸਾਹਬਾਂ ਦਾ ਹੁਕਮ ਵੀ ਸਿਰ ਮੱਥੇ ਮੰਨਣਾਂ ਈ ਪੈਣਾ! ਅਖੇ ਹਰ ਅਧਿਆਪਕ ਆਪਣੇ ਆਪਣੇ ਸਰਕਾਰੀ ਸਕੂਲ ਵਿੱਚ ਘੱਟੋ ਘੱਟ ਇੱਕ ਬੱਚਾ ਨਵਾਂ ਦਾਖਲ ਕਰਾਵੇ!’ਈਚ ਵਨ ਬਰਿੰਗ ਵਨ’ ਲਹਿਰ ਚਲਾਉਣੀਂ ਐ।ਸਰਕਾਰੀ ਸਕੂਲਾਂ ਦੀ ਗਿਣਤੀ ਵਧਾਉਣੀ ਐ! ਏ.ਸੀ.ਆਰ ‘ਚ ਵੀ ਇਸ ਦੇ ਨੰਬਰ ਪੈਣੇਂ! ਮੈਂ ਪੁਰਾਣੇ ਵਿਦਿਆਰਥੀਆਂ ਦਾ ਦਾਖਲਾ ਕਰਦਿਆਂ ਸੈਸ਼ਨ ਦੇ ਪਹਿਲੇ ਦਿਨ ਆਪਣੇ ਦੋਸਤ ਮਾਸਟਰ ਨੂੰ ਦੱਸਿਆ।
ਅੱਛਾ! ਮੈਂ ਤਾਂ ਅੱਗੇ ਈ ਘਰ-ਘਰ ਜਾ ਕੇ ਪਿਛਲੇ ਸਾਲ ਨੱਕੋ ਨੱਕ ਭਰ ‘ਤਾ ਸਕੂਲ ਨੂੰ ਬੱਚਿਆਂ ਨਾਲ।ਇੱਕ ਸੈਕਸ਼ਨ ਤੋਂ ਤਿੰਨ ਸੈਕਸ਼ਨ ਬਣਾ ਦਿੱਤੇ ਸੀ ਜਮਾਤ ਦੇ।…ਚਲੋ, ਕੋਈ ਨਾ।ਪੜ੍ਹਾਉਣਾ ਤਾਂ ਅੱਗੇ ਈ ਸਾਡਾ ਮਿਸ਼ਨ ਆ।ਇਹ ਵੀ ਕਰ ਲਵਾਂਗੇ।ਕੱਲ੍ਹ ਫਿਰ ਜਾ ਆਉਨੇਂ ਆਂ ਆਪਾਂ ਘਰ-ਘਰ। ਹੀਰੇ ਨੇ ਹਰਜੀਤ ਦੀ ਗੱਲ ਨੂੰ ਹੁੰਗਾਰਾ ਦਿੰਦਿਆਂ ਕਿਹਾ।
ਅਗਲੇ ਦਿਨ ਸਕੂਲ ਸਮੇਂ ਤੋਂ ਬਾਅਦ ਮਾਸਟਰ ਹੀਰਾ, ਹਰਜੀਤ, ਗੁਰਮੀਤ ‘ਤੇ ਪਿੰਕੇ ਨੇ ਬੜੇ ਚਾਅ ਚਾਅ ‘ਚ ਕਰ ਦਿੱਤਾ ਇਸ ਮੁਹਿੰਮ ਦਾ ਸ਼ੁੱਭ ਆਰੰਭ।ਇੱਕ ਕਹਿੰਦਾ ਈਚ ਵਨ, ਦੂਜਾ ਕਹਿੰਦਾ ਬਰਿੰਗ ਵਨ।ਮਾਸਟਰ ਪਿੰਕਾ ਬੜੀ ਸਤਾਈ ਜਿਹੀ ਆਵਾਜ਼ ਵਿੱਚ ਬੋਲਿਆ, ਡਾਹਢੇ ਅੱਗੇ ਸੱਤੀਂ ਵੀਹਵੀਂ ਸੌ।ਇਸ ਦੇ ਖ਼ਰ੍ਹਵੇ ਜਵਾਬ ‘ਚ ਹੀਰਾ ਬੋਲਿਆ, ਪਿੰਕਿਆ ਕਰਨਾ ਈ ਪੈਣਾ ਸਭ।ਕਿਉਂ ਨਾ ਚਾਈਂ ਚਾਈਂ ਈ ਕਰੀਏ?
ਆਹੋ।ਨੌਕਰੀ ਕੀ ਤੇ ਨਖ਼ਰਾ ਕੀ? ਇਹ ਕਹਿ ਕੇ ਪਿੰਕਾ ਵੀ ਨਾਲ ਤੁਰ ਪਿਆ।
ਘਰੋ ਘਰੀ ਜਾਂਦਿਆਂ ਸ਼ਾਮਾਂ ਪੈ ਗਈਆਂ।ਕੋਈ ਕਹਿੰਦਾ ਤੁਹਾਡੇ ਤੋਂ ਪਹਿਲਾਂ ਨੇੜੇ ਦੇ ਆਏ ਸਕੂਲ ਦੇ ਮਾਸਟਰ ਸਾਡਾ ਬੱਚਾ ਦਾਖਲ ਕਰ ਗਏ।ਕੋਈ ਕਹਿੰਦਾ ਅੱਗੇ ਈ ਪੜ੍ਹਦੇ ਪਏ ਨੇ ਤੇ ਕੋਈ ਕਹਿੰਦਾ ਵਜ਼ੀਫ਼ਾ ਵਧਾ ਦਿਓਗੇ ਤਾਂ ਤੁਆਡੇ ਸਕੂਲ ਪਾ ਦਿਆਂਗੇ।
ਇੱਕ ਘਰ ਨੇ ਤਾਂ ਸਾਰੇ ਮਾਸਟਰਾਂ ਨੂੰ ਚੱਕਰਾਂ ‘ਚ ਈ ਪਾ ਦਿੱਤਾ।ਪਹਿਲਾਂ ਤਾਂ ਸਾਰੇ ਬਾਗੋ ਬਾਗ ਸੀ ਕਿ ਚਾਚਾ ਸੂਬੇਦਾਰ ਦੇ ਇਸ ਚਾਰ ਭਰਾਵਾਂ ਦੇ ਸਾਂਝੇ ਘਰ ਵਿੱਚੋਂ ਪੰਜ ਬੱਚੇ ਨੇੜੇ ਦੇ ਪ੍ਰਾਈਵੇਟ ਸਕੂਲ ਵਿੱਚੋਂ ਹਟਾ ਕੇ ਸਰਕਾਰੀ ਸਕੂਲ ਵਿੱਚ ਦਾਖਲ ਹੋਏ ਈ ਲਓ।ਉਹ ਸੋਚਦੇ ਫ਼ੁੱਲੇ ਨਈਂ ਸਮਾਉਂਦੇ ਸਨ ਕਿ ਜੇ ਪੰਜੇ ਬੱਚੇ ਕਿਤੇ ਉਹਨਾਂ ਦੇ ਸਰਕਾਰੀ ਸਕੂਲ ‘ਚ ਦਾਖਲ ਹੋ ਗਏ, ਤਾਂ ਪੰਜੇ ਘਿਉ ‘ਚ ਸਮਝੋ।ਨਾਲੇ ਏ.ਸੀ.ਆਰ ਦੇ ਨੰਬਰਾਂ ਵਿੱਚ ਵੀ ਉਹ ਮਾਲਾ ਮਾਲ ਹੋ ਜਾਣਗੇ! ਪਰ ਹੋ ਉਲਟ ਈ ਗਿਆ।
ਹੀਰਾ ਬੜਾ ਮੱਖਣ ਜਿਹਾ ਲਾ ਕੇ ਕਹਿੰਦਾ, ਸੂਬੇਦਾਰ ਜੀ, ਤੁਸੀਂ ਤਾਂ ਦੇਸ ਦੇ ਰਖਵਾਲੇ ਓ।‘ਈਚ ਵਨ ਬਰਿੰਗ ਵਨ’ ਮੁਹਿੰਮ ਤਹਿਤ ਆਏ ਆਂ ਆਪਾਂ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚੇ ਦਾਖਲ ਕਰਵਾਉਣ ਲਈ।ਆ ਸਮਝਾਓ ਕੁੱੱਝ ਆਪਣੇ ਪਰਿਵਾਰ ਨੂੰ।ਸਭ ਤੋਂ ਪੜੇ੍ਹ ਲਿਖੇ ਸਰਕਾਰੀ ਮਾਸਟਰ, ਵਰਦੀਆਂ ਮੁਫ਼ਤ, ਕਿਤਾਬਾਂ ਮੁਫ਼ਤ, ਕੁੜੀਆਂ ਦੀ ਫ਼ੀਸ ਵੀ ਮਾਫ਼ ਸਾਡੇ ਸਰਕਾਰੀ ਸਕੂਲਾਂ ‘ਚ।
ਮਾਸਟਰ ਹਰਜੀਤ ਵੀ ਬੜਾ ਉਤਾਵਲਾ ਜਿਹਾ ਹੋ ਕੇ ਕਹਿੰਦਾ, ਸੂਬੇਦਾਰ ਸਾਹਿਬ, ਆ ਕੁੜੀਆਂ ਦੇ ਆਉਣ ਜਾਣ ਲਈ ਸਰਕਾਰ ਸਰਕਾਰੀ ਸਕੂਲਾਂ ‘ਚ ਸਾਈਕਲ ਵੀ ਮੁਫ਼ਤ ਦੇ ਰਈ ਜੇ।
ਹੌਂਸਲਾ ਫਿਰ ਪਿੰਕੇ ਦਾ ਵੀ ਵਧ ਗਿਆ।ਕਹਿੰਦਾ, ਚਾਚਾ ਸੂਬੇਦਾਰ ਜੀ, ਆਹ ਸਕੂਲ ਵੀ ਸਮਾਰਟ ਬਣਗੇ ਜੇ ਹੁਣ ਸਾਡੇ।ਫ਼ੌਜ ਦੇ ਅਸਲੇ ਵਾਂਗ ਸਾਡੇ ਸਰਕਾਰੀ ਸਕੂਲ ਵੀ ਹੁਣ ਸਾਰੀਆਂ ਸਹੂਲਤਾਂ ਨਾਲ ਲੈਸ ਜੇ।ਕਰ ਦਿਉ ਮੇਹਰਬਾਨੀ ਹੁਣ।
ਚਾਚੇ ਸੂਬੇਦਾਰ ਨੇ ਬੜੇ ਆਰਾਮ ਨਾਲ ਸਾਰੇ ਮਾਸਟਰਾਂ ਦੀ ਗੱਲ ਸੁਣੀ।ਪਰ, ਸੂਬੇਦਾਰ ਲਗਦਾ ਬਹੁਤ ਸੁਲਝਿਆ ਸੀ।ਗੱਲਾਂ ਬਾਤਾਂ ‘ਚ ਉਸ ਨੇ ਇਹ ਜਾਣ ਲਿਆ ਕਿ ਚਾਰਾਂ ਵਿੱਚੋਂ ਤਿੰਨਾਂ ਮਾਸਟਰਾਂ ਦੇ ਆਪਣੇ ਬੱਚੇ ਮਹਿੰਗੇ ਨਿੱਜੀ ਸਕੂਲਾਂ ਵਿੱਚ ਪੜ੍ਹ ਰਹੇ ਨੇ।
ਸੂਬੇਦਾਰ ਦੇ ਇਹ ਲਫ਼ਜ਼ ਸੁਣ ਕੇ ਸਾਰੇ ਮਾਸਟਰ ਤਾਂ ਪਹਿਲਾਂ ਬਾਗੋ ਬਾਗ ਹੋ ਗਏ ਕਿ ਮਾਸਟਰ ਜੀ, ਮੈਂ ਪਿਉ ਦਾ ਪੁੱਤ ਨਈਂ ਜੇ ਆਪਣੇ ਟੱਬਰ ਦੇ ਸਾਰੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚੋਂ ਹਟਾ ਕੇ ਤੁਆਡੇ ਸਰਕਾਰੀ ਸਕੂਲ ‘ਚ ਨਾ ਪਵਾ ਦਿੱਤੇ!…ਭਲਕੇ ਈ ਪਾ ਦਿੰਨਾਂ!…ਪਰ ਮੇਰੀ ਇੱਕ ਸ਼ਰਤ ਜੇ!
ਇਹ ਸੁਣ ਕੇ ਪਿੰਕਾ ਮਾਸਟਰ ਝੱਟ ਦਿਨੀਂ ਕਹਿੰਦਾ, ਸਭ ਸ਼ਰਤਾਂ ਮੰਜੂਰ ਸੂਬੇਦਾਰ ਸਾਹਿਬ! ਤੁਸੀਂ ਦੱਸੋ ਤਾਂ ਸਹੀ?
ਸੂਬੇਦਾਰ ਨੇ ਗੱਲ ਕਾਹਦੀ ਕਹੀ, ਸਾਰੇ ਮਾਸਟਰਾਂ ਦਾ ਜਿਵੇਂ ਭਬੱਕਾ ਈ ਨਿਕਲ ਗਿਆ ਹੋਵੇ।ਅਖੇ, ਜੇ ਇਨੇ ਈ ਵਧੀਆ ਬਣਾ ਰੱਖੇ ਨੇ ਤੁਸੀਂ ਇਹ ਸਰਕਾਰੀ ਸਕੂਲ, ਤਾਂ ਪਹਿਲਾਂ ਤੁਸੀਂ ਕੱਲ੍ਹ ਈ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ‘ਚੋਂ ਹਟਾ ਕੇ ਆਪਣੇ ਸਰਕਾਰੀ ‘ਚ ਪਾਓ!
ਚਾਰੋ ਹੱਕੇ ਬੱਕੇ ਜਿਹੇ ਇੱਕ ਦੂਜੇ ਵਾਲੇ ਵਿੰਹਦੇ ਹੋਏ ਉਸ ਘਰ ‘ਚੋਂ ਇਹ ਕਹਿ ਕੇ ਬਰੰਗ ਪਰਤ ਆਏ ਕਿ ਸੂਬੇਦਾਰ ਸਾਹਿਬ, ਜਿੱਦਣ ਸਾਡੇ ਮੰਤਰੀਆਂ-ਸੰਤਰੀਆਂ ਤੇ ਆਹਲਾ ਅਫ਼ਸਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋ ਜਾਣਗੇ ਨਾ, ਆਪਾਂ ਵੀ ਕਰਵਾ ਦੇਵਾਂਗੇ।
ਬੱਚੇ ਕਾਹਦੇ ਦਾਖਲ ਕਰਾਉਣੇ ਸੀ ਉਹਨਾਂ? ਦੋਨੋਂ ਧਿਰਾਂ ਕਿਸੇ ਡੂੰਘੀ ਘੁੰਮਣ-ਘੇਰੀ ‘ਚ ਈ ਫ਼ਸੀਆਂ ਨਜ਼ਰ ਆ ਰਈਆਂ ਸਨ।

ਡਾ. ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ)
ਲੈਕਚਰਾਰ ਪੰਜਾਬੀ,ਪਿੰਡ ਤੇ ਡਾਕਖਾਨਾ ਊਧਨਵਾਲ,
ਜ਼ਿਲਾ੍ਹ ਗੁਰਦਾਸਪੁਰ-143505।
ਮੋ -70689 00008 ਈਮੇਲ- – kalsi19111@gmail.com
Punjab Post Daily Online Newspaper & Print Media