ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਰੱਖੜ ਪੁੰਨਿਆ ਦੇ ਆ ਰਹੇ ਧਾਰਮਿਕ ਮੇਲੇ, ਜੋ ਕਿ ਇਸ ਵਾਰ ਅਜ਼ਾਦੀ ਦਿਹਾੜੇ ਵਾਲੇ ਦਿਨ 15
ਅਗਸਤ ਨੂੰ ਹੀ ਹੈ, ਵਿਖੇ ਸੰਗਤ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਕੀਤੇ ਜਾਣ ਵਾਲੇ ਪ੍ਰਬੰਧਾਂ ਅਤੇ ਸੁਰੱਖਿਆ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਢਿਲੋਂ ਨੇ ਕਿਹਾ ਕਿ ਇਹ ਮੇਲੇ ਧਾਰਮਿਕ ਆਸ਼ੇ ਦੇ ਨਾਲ-ਨਾਲ ਰਾਜਸੀ ਕਾਨਫਰੰਸਾਂ ਲਈ ਵੀ ਜਾਣਿਆ ਜਾਂਦਾ ਹੈ, ਜਿਸ ਕਾਰਨ ਆਉਣ ਵਾਲੇ ਲੋਕਾਂ ਦੀ ਗਿਣਤੀ ਲੱਖਾਂ ਵਿਚ ਹੁੰਦੀ ਹੈ।ਉਨਾਂ ਕਿਹਾ ਕਿ ਸੰਗਤ ਦੀ ਆਮਦ ਨੂੰ ਧਿਆਨ ਵਿਚ ਰੱਖਦੇ ਹੋਏ ਕੇਵਲ ਬਾਬਾ ਬਕਾਲਾ ਸਾਹਿਬ ਨਗਰ ਹੀ ਨਹੀਂ, ਬਲਕਿ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਤੇ ਸ਼ਹਿਰਾਂ ਨੂੰ ਜੋੜਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਤੇ ਸਾਫ-ਸਫਾਈ ਦਾ ਪ੍ਰਬੰਧ ਵੀ ਕੀਤਾ ਜਾਵੇ। ਉਨਾਂ ਕਿਹਾ ਕਿ ਬਰਸਾਤ ਦੇ ਮੌਸਮ ਕਾਰਨ ਥਾਂ-ਥਾਂ ਖ਼ੜੇ ਪਾਣੀ ਨੂੰ ਕੱਢਣ ਤੇ ਉਥੇ ਮੱਖੀ ਤੇ ਮੱਛਰ ਆਦਿ ਨਾ ਪੈਦਾ ਹੋਵੇ, ਲਈ ਸਪਰੇਅ ਦੇ ਪ੍ਰਬੰਧ ਵੀ ਸਿਹਤ ਵਿਭਾਗ ਵੱਲੋਂ ਕੀਤੇ ਜਾਣ।
ਢਿਲੋਂ ਨੇ ਸੰਗਤ ਲਈ ਬਾਬਾ ਬਕਾਲਾ ਸਾਹਿਬ ਦੇ ਨਾਲ-ਨਾਲ ਢੁਕਵੇਂ ਸਥਾਨਾਂ ਉਤੇ ਵੱਡੀ ਗਿਣਤੀ ਵਿਚ ਪਾਰਕਿੰਗ ਬਨਾਉਣ ਤੇ ਰਸਤੇ ਬਨਾਉਣ ਦੀ ਹਦਾਇਤ ਵੀ ਕੀਤੀ ਤਾਂ ਜੋ ਸੰਗਤ ਨੂੰ ਜ਼ਿਆਦਾ ਤੁਰਨਾ ਵੀ ਨਾ ਪਵੇ।ਸੰਗਤ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ, ਕਿਸੇ ਅਣਹੋਣੀ ਨੂੰ ਰੋਕਣ ਲਈ ਅੱਗ ਬੁਝਾਊ ਗੱਡੀਆਂ, ਮੈਡੀਕਲ ਟੀਮਾਂ ਅਤੇ ਗੋਤਾਖੋਰਾਂ ਨੂੰ ਹਰ ਵੇਲੇ ਹਾਜ਼ਰ ਰਹਿਣ ਦੀ ਹਦਾਇਤ ਵੀ ਕੀਤੀ। ਉਨਾਂ ਸਪੱਸ਼ਟ ਕੀਤਾ ਕਿ ਮੇਲਾ ਕੇਵਲ ਰਾਜਸੀ ਕਾਨਫਰੰਸਾਂ ਨਾਲ ਸਮਾਪਤ ਨਹੀਂ ਹੋ ਜਾਂਦਾ, ਇਸ ਲਈ ਜ਼ਰੂਰੀ ਹੈ ਕਿ ਮੇਲੇ ਦੇ ਤਿੰਨੇ ਦਿਨ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ।
ਇਸ ਮੌਕੇ ਐਸ.ਡੀ.ਐਮ ਬਾਬਾ ਬਕਾਲਾ ਅਸ਼ੋਕ ਸ਼ਰਮਾ, ਆਰ.ਟੀ.ਏ ਸੈਕਟਰੀ ਦਰਬਾਰਾ ਸਿੰਘ, ਜੁਇੰਟ ਕਮਿਸ਼ਨਰ ਕਾਰਪੋਰੇਸ਼ਨ ਨਿਤਿਸ਼ ਸਿੰਗਲਾ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ੍ਰੀਮਤੀ ਏਨਮਜੋਤ ਕੌਰ, ਐਕਸੀਅਨ ਇੰਦਰਜੀਤ ਸਿੰਘ, ਡੀ.ਐਸ.ਪੀ ਬਾਬਾ ਬਕਾਲਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media