ਸੰਗਰੂਰ/ ਲੌਂਗੋਵਾਲ, 26 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੜਕਾਂ ਉਪਰ ਘੁੰਮ ਰਹੇ ਬੇਸਹਾਰਾ ਅਤੇ ਅਵਾਰਾ ਪਸ਼ੂਆਂ ਕਾਰਨ ਵਾਪਰ ਰਹੇ ਹਾਦਸਿਆਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਵਿਧਾਇਕ ਅਮਨ ਅਰੋੜਾ ਵਲੋਂ ਜ਼ਿਲ੍ਹੇ ਦੇ ਪਿੰਡ ਝਨੇੜੀ ਵਿਖੇ ਇੱਕੋ-ਇੱਕ ਸਰਕਾਰੀ ਗਊਸ਼ਾਲਾ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ ਅਤੇ ਮੌਜੂਦਾ ਸਰਕਾਰ ਉਤੇ ਗਊਸ਼ਾਲਾ ਦੇ ਪ੍ਰਬੰਧ ਵਧੀਆ ਨਾ ਹੋਣ ਕਾਰਨ ਕਾਰਗੁਜ਼ਾਰੀ ਉਪਰ ਵੀ ਸੁਆਲ ਚੁੱਕੇ ਗਏ।ਉਕਤ ਗਊਸ਼ਾਲਾ ਦਾ ਦੌਰਾ ਕਰਨ ਉਪਰੰਤ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਜ਼ਿਲ੍ਹੇ ਦੇ ਪਿੰਡ ਝਨੇੜੀ ਵਿਖੇ 25 ਏਕੜ ਵਿੱਚ ਬਣੀ ਗਊਸ਼ਾਲਾ `ਚ ਸਰਕਾਰ ਵਲੋਂ ਸੜਕਾਂ ਉਤੇ ਮੌਤ ਬਣ ਕੇ ਘੁੰਮ ਰਹੇ ਬੇਸਹਾਰਾ ਅਤੇ ਅਵਾਰਾ ਪਸ਼ੂਆਂ ਨੂੰ ਰੱਖਣ ਲਈ ਇੰਤਜਾਮ ਕਰਨਾ ਚਾਹੀਦਾ ਹੈ ਅਤੇ ਪਸ਼ੂਆਂ ਦੇ ਖਾਣ ਲਈ ਚਾਰੇ ਅਤੇ ਰੱਖ-ਰਖਾਅ ਆਦਿ ਦੇ ਇੰਤਜਾਮ ਲਈ ਸਰਕਾਰ ਵਲੋਂ ਲਗਭਗ 15 ਚੀਜ਼ਾਂ ਉਪਰ ਗਊ ਸੈਸ ਦੇ ਨਾਂਅ ਤੇ ਇਕੱਠੇ ਹੋਏ ਟੈਕਸ ਦੇ ਪੈਸਿਆਂ ਨਾਲ ਪੰਚਾਇਤੀ ਜਾਂ ਨਿਜੀ ਜ਼ਮੀਨ ਨੂੰ ਠੇਕੇ ਉਪਰ ਲੈ ਕੇ ਲੋੜੀਂਦੇ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਉਹਨਾਂ ਇਹ ਵੀ ਆਖਿਆ ਕਿ ਜੇਕਰ ਸਰਕਾਰ ਸੂਬੇ ਦੇ ਲੋਕਾਂ ਨੂੰ ਸੜਕਾਂ ਤੇ ਮੌਤ ਬਣ ਕੇ ਘੁੰਮ ਰਹੇ ਪਸ਼ੂਆਂ ਤੋਂ ਸੱਚ ਵਿੱਚ ਨਿਜਾਤ ਦਿਵਾਉਣਾ ਚਾਹੁੰਦੀ ਹੈ ਤਾਂ ਗਊ ਸੈਸ ਤੋਂ ਇਕੱਠੇ ਹੋਏ ਪੈਸਿਆਂ ਨੂੰ ਸਹੀ ਢੰਗ ਨਾਲ ਜ਼ਿਲ੍ਹੇ ਦੀ ਇਸ ਗਊਸ਼ਾਲਾ ਵਿੱਚ ਪਸ਼ੂਆਂ ਦੀ ਗਿਣਤੀ ਦੇ ਹਿਸਾਬ ਨਾਲ ਵੰਡੇ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਧੀਨ ਗਊਸ਼ਾਲਾ ਦੇ ਪ੍ਰਬੰਧਾਂ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਜਾਵੇ ਤਾਂ ਜੋ ਗਊਸ਼ਾਲਾ ਦੇ ਪ੍ਰਬੰਧ ਸਹੀ ਹੋਣ ਦੇ ਨਾਲ-ਨਾਲ ਪੈਸੇ ਦਾ ਵੀ ਸਹੀ ਢੰਗ ਨਾਲ ਇਸਤੇਮਾਲ ਹੋ ਸਕੇ।
ਵਿਧਾਇਕ ਅਮਨ ਅਰੋੜਾ ਨੇ ਗਊਸ਼ਾਲਾ ਵਿਚ ਰੱਖੇ ਗਏ ਪਸ਼ੂਆਂ ਦੀ ਸਹੂਲਤਾਂ ਵਿੱਚ ਅਨੇਕਾਂ ਕਮੀਆਂ ਦੱਸਦਿਆਂ ਆਖਿਆ ਕਿ ਗਊਸ਼ਾਲਾ ਵਿੱਚ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਸੰਭਾਲਣ ਲਈ ਵਰਕਰਾਂ ਦੀ ਘਾਟ ਹੈ।ਜਿਸ ਕਾਰਨ ਉਥੇ ਗੋਬਰ ਦੀ ਬਰਬਾਦੀ ਹੋ ਰਹੀ ਹੈ ਜਿਸ ਨੂੰ ਕਈ ਤਰ੍ਹਾਂ ਨਾਲ ਇਸਤੇਮਾਲ `ਚ ਲਿਆਂਦਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਇਥੇ ਇਹਨਾਂ ਪਸ਼ੂਆਂ ਦੀ ਸੇਵਾ-ਸੰਭਾਲ ਕਰਨ ਆਉਂਦੇ ਨੌਜਵਾਨਾਂ ਨਾਲ ਗੱਲਬਾਤ ਕਰਨ `ਤੇ ਪਤਾ ਚੱਲਿਆ ਹੈ ਕਿ ਗਊਸ਼ਾਲਾ ਵਿਚ ਪਸ਼ੂਆਂ ਦੀ ਹਾਲਤ ਕਾਫੀ ਮਾੜੀ ਹੈ।ਉਹਨਾਂ ਭਰੋਸਾ ਦਿੱਤਾ ਕਿ ਉਹ ਜਲਦ ਹੀ ਇਸ ਮੁੱਦੇ ਨੂੰ ਸੂਬਾ ਸਰਕਾਰ ਦੇ ਸਾਹਮਣੇ ਰੱਖ ਕੇ ਪਸ਼ੂਆਂ ਦਾ ਕੋਈ ਠੋਸ ਹੱਲ ਕਰਵਾਉਣ ਦਾ ਯਤਨ ਕਰਨਗੇ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media