ਰਵਾਇਤੀ ਅਤੇ ਫ਼ਲਾਂ ਦੇ ਰੁੱਖਾਂ `ਤੇ ਆਧਾਰਿਤ 6 ਨਾਨਕ ਬਗੀਚੀਆਂ ਵੀ ਤਿਆਰ
ਸੰਗਰੂਰ/ ਲੌਂਗੋਵਾਲ, 26 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜ਼ਿਲ੍ਹਾ ਸੰਗਰੂਰ ਦੇ ਸਾਰੇ ਪਿੰਡਾਂ `ੱਚ ਵਣ ਵਿਭਾਗ ਵਲੋਂ ਬੂਟੇ ਲਗਾਉਣ ਦੀ ਚੱਲ ਰਹੀ ਪ੍ਰਕਿਰਿਆ ਛੇਤੀ ਹੀ ਮੁਕੰਮਲ ਹੋਣ ਵਾਲੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮਿਥੇ ਗਏ ਟੀਚੇ ਦੇ ਤਹਿਤ 506 ਪਿੰਡਾਂ ਵਿੱਚ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਬਾਕੀ 89 ਪਿੰਡਾਂ ਵਿੱਚ ਵੀ ਵਿਭਾਗੀ ਟੀਮਾਂ ਵਲੋਂ ਪਿੰਡ ਵਾਸੀਆਂ ਤੇ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਇਸ ਪ੍ਰਕਿਰਿਆ ਨੂੰ ਪੂਰਾ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 6 ਨਾਨਕ ਬਗੀਚੀਆਂ ਵੀ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਰਵਾਇਤੀ ਰੁੱਖ ਨਿੰਮ, ਬੋਹੜ, ਕਿੱਕਰ, ਡੇਕ, ਜੰਡ, ਪਿੱਪਲ, ਸੁਹੰਜਣਾ ਦੇ ਨਾਲ-ਨਾਲ ਅੰਬ, ਜਾਮਣ, ਬੇਰ, ਅਮਲਤਾਸ, ਸੁਖਚੈਨ ਆਦਿ ਲਗਾਏ ਗਏ ਹਨ।
ਇਸ ਸਬੰਧੀ ਵਣ ਮੰਡਲ ਅਧਿਕਾਰੀ ਸ਼੍ਰੀਮਤੀ ਵਿਦਿਆ ਸਾਗਰੀ ਨੇ ਦੱਸਿਆ ਕਿ ਬਲਾਕ ਅਹਿਮਦਗੜ੍ਹ ਦੇ 57 ਪਿੰਡਾਂ, ਅੰਨਦਾਣਾ ਦੇ 38, ਭਵਾਨੀਗੜ੍ਹ ਦੇ 65, ਧੂਰੀ ਦੇ 50, ਦਿੜ੍ਹਬਾ ਦੇ 45, ਲਹਿਰਾਗਾਗਾ ਦੇ 50, ਮਲੇਰਕੋਟਲਾ ਦੇ 61, ਸੰਗਰੂਰ ਦੇ 63, ਸ਼ੇਰਪੁਰ ਦੇ 35 ਅਤੇ ਸੁਨਾਮ ਊਧਮ ਸਿੰਘ ਵਾਲਾ ਦੇ 42 ਪਿੰਡਾਂ ਵਿੱਚ ਬੂਟੇ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੰਗਰੂਰ ਰੇਂਜ ਦੇ ਪਿੰਡਾਂ ਬਹਾਦਰਪੁਰ, ਦੁੱਗਾਂ, ਬਾਲਦ ਕਲਾਂ, ਭਿੰਡਰਾਂ, ਮੀਮਸਾ ਅਤੇ ਖੇੜੀ ਜੱਟਾਂ ਵਿਖੇ ਨਾਨਕ ਬਗੀਚੀਆਂ ਬਣਾਈਆਂ ਗਈਆਂ ਹਨ।
Punjab Post Daily Online Newspaper & Print Media