ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਕੈਨੇਡਾ ਦੇ ਕਿਊਬਕ ਸੂਬੇ ਅੰਦਰ ਇਕ ਕਾਨੂੰਨ ਤਹਿਤ ਧਰਮ ਨਿਰਪੱਖਤਾ ਦੇ ਨਾਂ ’ਤੇ ਸਿੱਖ ਕਕਾਰਾਂ ਨੂੰ ਪਹਿਨ ਕੇ ਸਰਕਾਰੀ ਥਾਵਾਂ ’ਤੇ ਕੰਮ ਕਰਨ ਦੀ ਮਨਾਹੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ।ਵੱਖ-ਵੱਖ ਅਖ਼ਬਾਰਾਂ ’ਚ ਛਪੀਆਂ ਖ਼ਬਰਾਂ ਅਨੁਸਾਰ ਕਿਊਬਕ ਸੂਬੇ ਦੇ ਮਾਂਟਰੀਅਲ ਸ਼ਹਿਰ ’ਚ ਇਕ ਸਿੱਖ ਬੀਬੀ ਅੰਮ੍ਰਿਤ ਕੌਰ ਨੂੰ ਦਸਤਾਰ ਅਤੇ ਕਕਾਰਾਂ ਕਾਰਨ ਸੂਬਾ ਛੱਡਣਾ ਪੈ ਰਿਹਾ ਹੈ, ਕਿਉਂਕਿ ਉਸ ਨੂੰ ਇਨ੍ਹਾਂ ਧਾਰਮਿਕ ਚਿੰਨ੍ਹਾਂ ਕਾਰਨ ਨੌਕਰੀ ਤੋਂ ਹੱਥ ਧੋਣੇ ਪਏ। ਉਹ ਇਕ ਅਧਿਆਪਕਾ ਹੈ ਅਤੇ ਇਸ ਕਾਨੂੰਨ ਕਰਕੇ ਕਿਊਬਕ ਤੋਂ ਬੀ.ਸੀ. ਵਿਖੇ ਤਬਦੀਲ ਹੋਣ ਲਈ ਮਜ਼ਬੂਰ ਹੋਈ ਹੈ।ਇਸ ਕਾਨੂੰਨ ਨੂੰ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਦੀ ਨਿੰਦਾ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਅਨੁਸਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਕਾਨੂੰਨ ਸਬੰਧੀ ਮੁੜ ਨਜ਼ਰਸਾਨੀ ਮੰਗੀ ਹੈ।ਉਨ੍ਹਾਂ ਕਿਹਾ ਕਿ ਉਸ ਦੇਸ਼ ਅੰਦਰ ਧਾਰਮਿਕ ਅਧਿਕਾਰਾਂ ਦਾ ਉਲੰਘਣਾ ਕਿਸੇ ਵੀ ਤਰ੍ਹਾਂ ਤਰਕ ਸੰਗਤ ਨਹੀਂ ਹੈ, ਜਿਸ ਦੇਸ਼ ਦੀ ਸੰਸਦ ਵਿਚ ਕਈ ਪੰਜਾਬੀ ਅਤੇ ਖ਼ਾਸਕਰ ਸਿੱਖ ਮੈਂਬਰ ਪਾਰਲੀਮੈਂਟ ਸ਼ਾਮਲ ਹਨ।ਇਥੋਂ ਤੱਕ ਕਿ ਕੈਨੇਡਾ ਦਾ ਰੱਖਿਆ ਮੰਤਰੀ ਵੀ ਇਕ ਸਾਬਤ ਸੂਰਤ ਗੁਰਸਿੱਖ ਹੈ।ਲੌਂਗੋਵਾਲ ਨੇ ਆਖਿਆ ਕਿ ਉਹ ਅਜਿਹੇ ਮਾਮਲਿਆਂ ਸਬੰਧੀ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਵੀ ਰਾਬਤਾ ਬਣਾਉਣਗੇ ਅਤੇ ਭਵਿੱਖ ਵਿਚ ਵੱਖ-ਵੱਖ ਦੇਸ਼ਾਂ ਦੇ ਸਫਾਰਤਖਾਨਿਆਂ ਨੂੰ ਲਿਖਣਗੇ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media