ਅੰਮ੍ਰਿਤਸਰ, 27 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸੋਸ਼ਲ ਮੀਡੀਆ ’ਤੇ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ
ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ।ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਪੰਜੋਲੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦਾ ਵਿਲੱਖਣ ਇਤਿਹਾਸ ਅਤੇ ਪ੍ਰਾਪਤੀਆਂ ਹਨ, ਪਰੰਤੂ ਕੁੱਝ ਲੋਕ ਜਾਣਬੁੱਝ ਕੇ ਇਸ ਸੰਸਥਾ ਦੇ ਅਕਸ ਨੂੰ ਢਾਹ ਲਗਾਉਣ ਦੇ ਯਤਨ ਵਿਚ ਹਨ।ਉਨ੍ਹਾਂ ਕਿਹਾ ਕਿ ਇਸ ਮਾਣਮੱਤੀ ਸੰਸਥਾ ਵਿਰੁੱਧ ਪ੍ਰਾਪੇਗੰਡਾ ਅਤਿ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਿਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਲੋਕ ਇਸ ਦੀਆਂ ਸਾਰੀਆਂ ਪ੍ਰਾਪਤੀਆਂ ਨੂੰ ਨਜ਼ਰਅੰਦਾਜ਼ ਕਰਕੇ ਇਸ ਖਿਲਾਫ ਬੋਲਣ `ਚ ਆਪਣੀ ਸ਼ਾਨ ਸਮਝਦੇ ਹਨ।ਉਨ੍ਹਾਂ ਆਖਿਆ ਕਿ ਜਦੋਂ ਵੀ ਕਿਤੇ ਸਿੱਖਾਂ ਨੂੰ ਕਿਸੇ ਮੁਸ਼ਕਲ ਵਿੱਚੋਂ ਲੰਘਣਾ ਪਿਆ ਤਾਂ ਸ਼੍ਰੋਮਣੀ ਕਮੇਟੀ ਨੇ ਮੋਹਰੀ ਭੂਮਿਕਾ ਅਦਾ ਕੀਤੀ।ਜੋਧਪੁਰ ਜ਼ੇਲ੍ਹ ਦੇ ਨਜ਼ਰਬੰਦਾਂ ਲਈ ਸਹਾਇਤਾ, 1984 ਦੇ ਪੀੜਤਾਂ ਦੀ ਮੱਦਦ, ਜ਼ੇਲ੍ਹਾਂ ’ਚ ਬੰਦੀ ਸਿੰਘਾਂ ਦੀ ਸਾਰ, ਧਰਮੀ ਫ਼ੌਜੀਆਂ ਨੂੰ ਸਹਾਇਤਾ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀਆਂ ਇਸ ਸੰਸਥਾ ਦੇ ਹਿੱਸੇ ਆਇਆ ਹੈ।ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ ਸਮੇਂ ਸ਼੍ਰੋਮਣੀ ਕਮੇਟੀ ਨੇ ਜੋ ਕਾਰਜ ਕੀਤੇ ਉਹ ਮਿਸਾਲੀ ਹਨ।ਜੰਮੂ ਕਸ਼ਮੀਰ ਵਿਖੇ ਹੜ੍ਹ ਪੀੜਤਾਂ ਦੀ ਬਾਂਹ ਫੜ੍ਹਨੀ, ਨੇਪਾਲ, ਲੇਹ ਲਦਾਖ, ਉਤਰਾਖੰਡ ਆਦਿ ਥਾਵਾਂ ’ਤੇ ਇਸ ਦੀਆਂ ਸਮਾਜ ਭਲਾਈ ਗਤੀਵਿਧੀਆਂ ਅਤੇ ਕੈਂਸਰ ਪੀੜਤਾਂ ਨੂੰ ਕਰੋੜਾਂ ਰੁਪਏ ਦੀ ਦਿੱਤੀ ਸਹਾਇਤਾ ਇਤਿਹਾਸ ਦਾ ਹਿੱਸਾ ਹਨ। ਪੰਜੋਲੀ ਨੇ ਆਖਿਆ ਕਿ ਸਿੱਖ ਪੰਥ ਦੀਆਂ ਸੰਸਥਾਵਾਂ ਨੂੰ ਢਾਹ ਲਗਾਉਣ ਵਾਲੇ ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ ਅਤੇ ਉਨ੍ਹਾਂ ਦੀ ਇਕ ਮਾਤਰ ਮਨਸ਼ਾ ਕੇਵਲ ਆਪਣੇ ਮਨਸੂਬਿਆਂ ਦੀ ਪੂਰਤੀ ਕਰਨਾ ਹੁੰਦਾ ਹੈ। ਉਨ੍ਹਾਂ ਸੰਗਤ ਨੂੰ ਸੁਚੇਤ ਕਰਦਿਆਂ ਆਖਿਆ ਕਿ ਸੋਸ਼ਲ ਮੀਡੀਆ ’ਤੇ ਅਜਿਹੀਆਂ ਘਟੀਆ ਪੋਸਟਾਂ ਨੂੰ ਸਿਰੇ ਤੋਂ ਨਕਾਰਿਆ ਜਾਵੇ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media