ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਕਿਸਾਨ ਸਿਖਲਾਈ ਕੇਂਦਰ, ਖ਼ਾਲਸਾ ਕਾਲਜ ਵਿਖੇ ਫੂਡ ਪ੍ਰੋਸੈਸਿੰਗ ਟ੍ਰੇਨਿੰਗ ਸੈਂਟਰ ਦੇ ਸਹਿਯੋਗ ਨਾਲ ਫ਼ਲਾਂ, ਸਬਜ਼ੀਆਂ ਤੋਂ ਤਿਆਰ ਪ੍ਰੋਸੈਸਡ ਖਾਧ ਵਸਤੂਆਂ ਸਬੰਧੀ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ- ਨਿਰਦੇਸ਼ ਅਤੇ ਡਾ. ਕੁਲਵੰਤ ਸਿੰਘ ਜ਼ਿਲ੍ਹਾ ਸਿਖ਼ਲਾਈ ਅਫ਼ਸਰ ਦੀ ਰਹਿਨੁਮਾਈ ਹੇਠ ਸਿਖਲਾਈ ਕੈਂਪ ਲਗਾਇਆ ਗਿਆ।ਜਿਸ ’ਚ ਪ੍ਰੋਗਰੈਸਿਵ ਫ਼ਾਰਮਰਜ਼ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਖਡੂਰ ਸਾਹਿਬ ਅਧੀਨ ਕੰਮ ਕਰ ਰਹੀਆਂ ਵੱਖ-ਵੱਖ ਪਿੰਡਾਂ ਤੋਂ ਆਈਆਂ ਔਰਤਾਂ ਨੇ ਭਾਗ ਲਿਆ।
ਇਸ ਸਿਖਲਾਈ ਦੌਰਾਨ ਡਾ. ਕੁਲਵੰਤ ਸਿੰਘ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਹੈ ਕਿ ਮਹਿੰਗਾਈ ਦੇ ਦੌਰ ’ਚ ਬੀਬੀਆਂ ਆਪਣੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਅਤੇ ਘਰੇਲੂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਪ੍ਰੋਸੈਸਿੰਗ ਨੂੰ ਧੰਦੇ ਵਜੋਂ ਅਪਨਾ ਕੇ ਇਕ ਆਮਦ ਦਾ ਜ਼ਰੀਆ ਬਣਾਉਣ।ਇਸ ਦੌਰਾਨ ਸਹਾਇਕ ਮੰਡੀਕਰਣ ਅਫ਼ਸਰ ਕੁਲਜੀਤ ਸਿੰਘ ਰੰਧਾਵਾ ਵਲੋਂ ਕਿਸਾਨ ਬੀਬੀਆਂ ਨੂੰ ਸੈਲਫ਼ ਮਾਰਕੀਟਿੰਗ ਦੇ ਮਹੱਤਵ ਬਾਰੇ ਦੱਸਿਆ ਗਿਆ ਅਤੇ ਜਾਗਰੂਕ ਕੀਤਾ ਕਿ ਅੱਜ ਦੇ ਸਮੇਂ ਦੀ ਲੋੜ ਹੈ ਕਿ ਕਿਸਾਨ ਸਵੈ ਸਹਾਇਤਾ ਗਰੁੱਪ ਜਾਂ ਫ਼ਾਰਮਰਜ਼ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾ ਕੇ ਆਪਣੀ ਜਿਣਸਾਂ ਨੂੰ ਪ੍ਰੋਸੈਸਿੰਗ ਕਰਨ ਅਤੇ ਆਪਣੇ ਪੱਧਰ ’ਤੇ ਇਨ੍ਹਾਂ ਤਿਆਰ ਕੀਤੇ ਗਏ ਉਤਪਾਦਾਂ ਦੀ ਬ੍ਰੈਡਿੰਗ, ਪੈਕਿੰਗ, ਲੇਬਲਿੰਗ ਕਰਵਾ ਕੇ ਸੈਲਫ ਮਾਰਕੀਟਿੰਗ ਕਰੇ।
ਖੇਤੀਬਾੜੀ ਸੂਚਨਾ ਅਫ਼ਸਰ ਜਸਵਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਸਿਖਲਾਈ ਕੇਂਦਰ, ਖ਼ਾਲਸਾ ਕਾਲਜ ਵੱਲੋਂ ਸਮੇਂ-ਸਮੇਂ ਤੇ ਮੱਖੀ ਪਾਲਣ, ਮਸ਼ਰੂਮ ਫ਼ਾਰਮਿੰਗ ਅਤੇ ਫ਼ੂਡ ਪ੍ਰੋਸੈਸਿੰਗ ਨਾਲ ਸਬੰਧਿਤ ਟ੍ਰੇਨਿੰਗਾਂ ਆਮਦਨ ਵਿੱਚ ਵਾਧਾ ਕਰਨ ਲਈ ਆਯੋਜਿਤ ਕੀਤੀਆਂ ਜਾਂਦੀਆਂ ਹਨ।
ਰੀਨੂੰ ਵਿਰਦੀ ਖੇਤੀਬਾੜੀ ਵਿਕਾਸ ਅਫ਼ਸਰ (ਮਾਰਕੀਟਿੰਗ) ਵੱਲੋਂ ਪ੍ਰੋਸੈਸ ਕੀਤੇ ਉਤਪਾਦਾਂ ਦੀ ਐਗਮਾਰਕ ਅਧੀਨ ਸਰਟੀਫ਼ਿਕੇਸ਼ਨ ਦੀ ਮਹੱਤਤਾ ਬਾਰੇ ਦੱਸਿਆ ਗਿਆ।ਫੂਡ ਪ੍ਰੋਸੈਸਿੰਗ ਟ੍ਰੇਨਿੰਗ ਸੈਂਟਰ ਦੇ ਕੋਆਰਡੀਨੇਟਰ ਡਾ. ਗੁਰਸ਼ਰਨ ਕੌਰ ਨੇ ਸਿਖਿਆਰਥੀਆਂ ਨੂੰ ਅਚਾਰ, ਚਟਨੀਆਂ, ਮੁਰੱਬੇ ਅਤੇ ਸੁਕੈਸ਼ ਬਣਾਉਣ ਦੀ ਵਿਧੀ ਵਿਸਥਾਰਪੂਰਵਕ ਡੈਮੋਨਸਟ੍ਰੇਸ਼ਨ ਰਾਹੀਂ ਦੱਸੀ।ਟ੍ਰੇਨਿੰਗ ਦੇ ਅੰਤ ’ਚ ਪ੍ਰਿੰ: ਡਾ. ਮਹਿਲ ਸਿੰਘ ਨੇ ਆਏ ਹੋਏ ਸਿਖਿਆਰਥੀਆਂ ਨੂੰ ਖੇਤੀਬਾੜੀ ਜਿਣਸਾਂ ਦੀ ਪ੍ਰੋਸੈਸਿੰਗ ਸਬੰਧੀ ਉਤਸ਼ਾਹਿਤ ਕੀਤਾ ਅਤੇ ਨਵੇਂ ਗਰੁੱਪ ਬਣਾ ਕੇ ਇਸ ਤਰ੍ਹਾਂ ਦੀਆਂ ਹੋਰ ਟ੍ਰੇਨਿੰਗਾਂ ਲੈਣ ਲਈ ਪ੍ਰੇਰਿਤ ਕੀਤਾ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …