ਅਗਲਾ ਰੋਜ਼ਗਾਰ ਮੇਲਾ ਰਾਮਗੜ੍ਹੀਆ ਭਵਨ ਅਹਿਮਦਗੜ੍ਹ ਵਿਖੇ 13 ਸਤੰਬਰ ਨੂੰ
ਲੌਂਗੋਵਾਲ, 12 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਦੇਸ਼ ਭਗਤ ਕਾਲਜ ਬਰੜਵਾਲ (ਧੂਰੀ) ਵਿਖੇ ਲਗਾਏ ਮੈਗਾ ਰੋਜ਼ਗਾਰ ਮੇਲੇ ਦੌਰਾਨ ਰਜਿਸਟਰਡ ਹੋਏ 855 ਬਿਨੇਕਾਰਾਂ ਵਿਚੋਂ 469 ਬਿਨੇਕਾਰਾਂ ਦੀ ਚੋਣ ਪ੍ਰਾਈਵੇਟ ਖੇਤਰਾਂ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਕੀਤੀ ਗਈ। ਮੇਲੇ ਦੌਰਾਨ ਦੋ ਦਰਜਨ ਦੇ ਕਰੀਬ ਕੰਪਨੀਆਂ ਦੇ ਨੁਮਾਇੰਦੇ ਸ਼ਾਮਲ ਹੋਏ ਜਿਨ੍ਹਾਂ ਨੇ ਬਿਨੈਕਾਰਾਂ ਨੂੰ ਉਨ੍ਹਾਂ ਦੀਆਂ ਯੋਗਤਾਵਾਂ ਦੇ ਆਧਾਰ `ਤੇ ਰੋਜ਼ਗਾਰ ਲਈ ਚੁਣਿਆ।ਮੇਲੇ ਵਿੱਚ ਸ਼ਾਮਲ ਹੋਏ ਪ੍ਰਾਰਥੀਆਂ ਨੇ ਸਰਕਾਰ ਦੁਆਰਾ ਚਲਾਈ ਜਾ ਰਹੀ ਘਰ ਘਰ ਰੋਜ਼ਗਾਰ ਯੋਜਨਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਰਕਾਰ ਦੀ ਇਸ ਪਹਿਲ ਸਦਕਾ ਉਨ੍ਹਾਂ ਦੀਆਂ ਉਮੀਦਾਂ ਨੂੰ ਫ਼ਲ ਲੱਗ ਰਿਹਾ ਹੈ।
ਮੌਜੂਦਾ ਮਹੀਨੇ ਵਿੱਚ ਜ਼ਿਲ੍ਹੇ ਦੀਆਂ ਵੱਖ ਵੱਖ ਸਬ ਡਵੀਜ਼ਨਾਂ ਵਿੱਚ ਆਯੋਜਿਤ ਕੀਤੇ ਜਾ ਰਹੇ 9 ਰੋਜ਼ਗਾਰ ਮੇਲਿਆਂ ਬਾਰੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਸਰਕਾਰ ਦੇ ਘਰ-ਘਰ ਰੋਜ਼ਗਾਰ ਪੋਰਟਲ `ਤੇ ਕੋਈ ਵੀ ਬਿਨੈਕਾਰ ਆਪਣੀਆਂ ਯੋਗਤਾਵਾਂ ਅਤੇ ਹੁਨਰ ਦੇ ਵੇਰਵੇ ਦਰਜ ਕਰਕੇ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਤ ਕੀਤਾ ਗਿਆ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਹੁਨਰਮੰਦ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਭਵਾਨੀਗੜ੍ਹ ਵਿਖੇ ਪਹਿਲਾ ਰੋਜ਼ਗਾਰ ਮੇਲਾ ਲਗਾਇਆ ਗਿਆ ਜਿਸ ਵਿੱਚ ਰਜਿਸਟਰਡ ਹੋਏ 780 ਉਮੀਦਵਾਰਾਂ ਵਿੱਚੋਂ 573 ਨੂੰ ਰੋਜ਼ਗਾਰ ਲਈ ਯੋਗ ਚੁਣਿਆ ਗਿਆ।
ਉਨਾਂ ਦੱਸਿਆ ਕਿ ਅਗਲਾ ਰੋਜ਼ਗਾਰ ਮੇਲਾ 13 ਸਤੰਬਰ ਨੂੰ ਰਾਮਗੜ੍ਹੀਆ ਭਵਨ ਪੋਹੀੜ ਰੋਡ ਅਹਿਮਦਗੜ, 16 ਸਤੰਬਰ ਨੂੰ ਅਨਾਜ ਮੰਡੀ ਮੂਨਕ, 19 ਸਤੰਬਰ ਨੂੰ ਸਰਕਾਰੀ ਕਾਲਜ ਮਲੇਰਕੋਟਲਾ, 23 ਸਤੰਬਰ ਨੂੰ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ, 25 ਸਤੰਬਰ ਨੂੰ ਕੇ.ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨ ਪਿੰਡ ਫਤਿਹਗੜ੍ਹ ਲਹਿਰਾ, 27 ਸਤੰਬਰ ਨੂੰ ਕਾਮਰੇਡ ਭੀਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਅਤੇ 30 ਸਤੰਬਰ ਨੂੰ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨ ਕਾਲਜ ਸੰਗਰੂਰ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ।
Punjab Post Daily Online Newspaper & Print Media