ਕਿਹਾ ਸਾਹਿਤਕਾਰ ਤੇਜਵੰਤ ਸਿੰਘ ਨਾਲ ਦੁਰਵਿਹਾਰ ਕਰਨ ਵਾਲੇ ਮੁਆਫ਼ੀ ਮੰਗਣ
ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਭਾਸ਼ਾ ਵਿਭਾਗ ਪਟਿਆਲਾ ਵਲੋਂ ਕਰਵਾਏ ਗਏ ਹਿੰਦੀ ਦਿਵਸ ਸਮਾਗਮ ਮੌਕੇ
ਕੁੱਝ ਸ਼ਰਾਰਤੀ ਲੋਕਾਂ ਵਲੋਂ ਪੰਜਾਬੀ ਭਾਸ਼ਾ ਦੀ ਵਿਵਹਾਰਿਕਤਾ ਦੇ ਮੁੱਦੇ `ਤੇ ਸ਼੍ਰੋਮਣੀ ਲੇਖਕ ਡਾ: ਤੇਜਵੰਤ ਸਿੰਘ ਨਾਲ ਬੇਲੋੜਾ ਉਲਝਣਾ ਅਤੇ ਦੁਰਵਿਹਾਰ ਕਰਨਾ ਬਹੁਤ ਹੀ ਮੰਦਭਾਗੀ, ਦਿਲ ਨੂੰ ਦੁੱਖ ਦੇਣ ਵਾਲੀ ਅਤੇ ਨਾ ਬਰਦਾਸ਼ਤ ਕਰਨਯੋਗ ਘਟਨਾ ਹੈ।ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਪੰਜਾਬੀ ਭਾਸ਼ਾ ਅਤੇ ਗੁਰਮੁਖ਼ੀ ਲਿੱਪੀ ਪੰਜਾਬ ਤੇ ਸਮੁੱਚੇ ਪੰਜਾਬੀਆਂ ਦੀ ਸਾਹ ਰਗ ਹਨ ਜਿਨ੍ਹਾਂ ਸਦਕਾ ਭਾਰਤ `ਚ ਮਰ ਚੁੱਕਿਆ ਜੀਵਨ ਮੁੜ ਧੜਕਣ ਯੋਗ ਹੋਇਆ ਅਤੇ ਅੱਜ ਵੀ ਇਸੇ ਕਰਕੇ ਹੀ ਧੜਕ ਰਿਹਾ ਹੈ। ਇਸ ਘਟਨਾ ਦਾ ਦੁੱਖਦਾਈ ਪਹਿਲੂ ਇਹ ਵੀ ਹੈ ਕਿ ਇਹ ਉਸ ਮੌਕੇ ਵਾਪਰਿਆ ਜਦੋਂ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ ਅਤੇ ਕੁੱਝ ਲੋਕ ਪੰਜਾਬ ਦੀ ਧਰਤੀ `ਤੇ ਸਰਕਾਰੀ ਸਮਾਗਮਾਂ `ਚ ਪੰਜਾਬੀ ਭਾਸ਼ਾ ਨੂੰ ਗਵਾਰਾਂ ਦੀ ਭਾਸ਼ਾ ਹੋਣ ਦਾ ਐਲਾਨ ਕਰਨ।ਇਨ੍ਹਾਂ ਮੰਦਬੁੱਧੀ ਲੋਕਾਂ ਦੇ ਅਜਿਹੇ ਐਲਾਨਾਂ ਨਾਲ ਕਰੋੜਾਂ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਲੱਗੀ ਹੈ ਅਤੇ ਉਨ੍ਹਾਂ ਦੀ ਤੌਹੀਨ ਕੀਤੀ ਗਈ ਹੈ। ਜੋ ਵੀ ਇਸ ਘਟਨਾ ਲਈ ਜਿੰਮੇਵਾਰ ਹਨ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।ਪੰਜਾਬ `ਚ ਪਿਛਲੇ ਲੰਬੇ ਸਮੇਂ ਤੋਂ ਕੁੱਝ ਤਾਕਤਾਂ ਵਲੋਂ ਸਾਜਿਸ਼ ਅਧੀਨ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਨੂੰ ਉੱਚ ਸਿੱਖਿਆ ਦੇ ਖੇਤਰ ਸਮੇਤ ਹਰ ਖੇਤਰ ਚੋਂ ਬਾਹਰ ਦਾ ਰਸਤਾ ਦਿਖਾਉਣ ਲਈ ਜੋ ਕੋਝੇ ਯਤਨ ਆਰੰਭੇ ਹੋਏ ਹਨ।ਇਹ ਘਟਨਾ ਵੀ ਉਸ ਦਾ ਨਤੀਜਾ ਹੈ।
ਗਿ. ਹਰਪ੍ਰੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਤਾਕਤਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਗਵਾਰਾਂ ਦੀ ਭਾਸ਼ਾ ਕਹਿਣਾ ਆਪਣੀ ਤੰਗ ਤੇ ਨਫਰਤ ਭਰੀ ਸੋਚ ਦਾ ਪ੍ਰਗਟਾਵਾ ਕਰਨਾ ਹੈ, ਕਿਉਂਕਿ ਜਿਸ ਭਾਸ਼ਾ `ਚ ਵਿਸ਼ਵ ਦੀ ਸਭ ਤੋਂ ਵੱਧ ਪ੍ਰਮਾਣਿਕਤਾ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਹੋਵੇ ਉਹ ਭਾਸ਼ਾ ਗਵਾਰ ਕਿਵੇਂ ਹੋ ਸਕਦੀ ਹੈ ? ਉਨਾਂ ਕਿਾ ਕਿ ਘਟਨਾ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਦੀ ਨਲਾਇਕੀ ਕਾਰਨ ਵਾਪਰੀ ਹੈ ਜਿਸ ਨੇ ਪੰਜਾਬੀ ਵਿਰੋਧੀ ਫਿਰਕੂ ਲੋਕਾਂ ਨੂੰ ਬੇਲੋੜੀ ਅਹਿਮੀਅਤ ਦਿੱਤੀ ਹੋਈ ਹੈ ਅਜਿਹੇ ਟੋਲਿਆਂ ਨੂੰ ਤਾਂ ਸਿੱਖਿਆ ਅਦਾਰਿਆਂ ਦੇ ਨੇੜੇ ਵੀ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ।ਇਹ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀਆਂ ਆਪਣੀਆਂ ਨਾਪਾਕ ਕੋਸ਼ਿਸ਼ਾਂ ਨੂੰ ਪੂਰੀਆਂ ਕਰਨ ਲਈ ਹਮੇਸਾਂ ਹੀ ਮੌਕੇ ਦੀ ਤਾਕ `ਚ ਰਹਿੰਦੇ ਹਨ।ਭਾਸ਼ਾਵਾਂ ਸਾਰੀਆਂ ਹੀ ਆਪਣੇ-ਆਪਣੇ ਖਿੱਤਿਆਂ ਚ ਸਤਿਕਾਰਤ ਹਨ, ਉਨ੍ਹਾਂ ਦੀ ਉਨਤੀ ਲਈ ਯਤਨ ਹੁੰਦੇ ਰਹਿਣੇ ਚਾਹੀਦੇ ਹਨ ਪਰ ਕਿਸੇ ਵਿਸ਼ੇਸ਼ ਭਾਸ਼ਾ ਦੀ ਤਰੱਕੀ ਲਈ ਕਿਸੇ ਦੂਸਰੀ ਭਾਸ਼ਾ ਦਾ ਅਪਮਾਨ ਕਰਨਾ ਕਿਸੇ ਵੀ ਤਰ੍ਹਾਂ ਨਾ ਉਚਿਤ ਹੈ ਅਤੇ ਨਾ ਹੀ ਸਹਿਣਯੋਗ।ਪੰਜਾਬ ਦੀ ਪਹਿਲੀ ਭਾਸ਼ਾ ਪੰਜਾਬੀ ਹੈ।ਇਸ ਦੀ ਕੀਮਤ ਉੱਤੇ ਹਿੰਦੀ ਸਮੇਤ ਕਿਸੇ ਹੋਰ ਬਾਹਰਲੀ ਭਾਸ਼ਾ ਨੂੰ ਕਿਸੇ ਵੀ ਖੇਤਰ ਚ ਧੱਕੇ ਨਾਲ ਠੋਸਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media