ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮ. ਲੁਧਿਆਣਾ/ਅੰਮ੍ਰਿਤਸਰ
(ਪਰਕਸ) ਨੇ ਡਾ. ਖ਼ੇਮ ਸਿੰਘ ਗਿੱਲ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੈਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਸਕੱਤਰ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਪਦਮ ਭੂਸ਼ਨ ਨਾਲ ਸਨਮਾਨਿਤ ਡਾ. ਗਿੱਲ ਅੰਤਰਰਾਸ਼ਟਰੀ ਖੇਤੀ ਵਿਗਿਆਨੀ ਸਨ।ਜਿਨ੍ਹਾਂ ਨੇ ਨਾ ਕੇਵਲ ਭਾਰਤ ਸਗੋਂ ਪਾਕਿਸਤਾਨ ਵਿਚ ਵੀ ਹਰਾ ਇਨਕਲਾਬ ਲਿਆਉਣ ਵਿਚ ਅਹਿਮ ਯੋਗਦਾਨ ਪਾਇਆ।ਉਨ੍ਹਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ 1949 ਵਿੱਚ ਖੇਤੀਬਾੜੀ `ਚ ਬੀ.ਅੇਸ.ਸੀ ਕੀਤੀ, ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ 1951 ਵਿਚ ਐਮ.ਐਸ.ਸੀ ਤੇ 1963 ਵਿਚ ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਤੋਂ ਪੀ.ਐਚ.ਡੀ ਕੀਤੀ।ਉਹ ਖ਼ੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਵੱਖ-ਵੱਖ ਅਹੁੱਦਿਆਂ `ਤੇ ਰਹੇ।ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਵੇਖਦੇ ਹੋਏ 1990 ਵਿੱਚ ਉਨ੍ਹਾਂ ਨੂੰ ਇਸੇ ਯੂਨੀਵਰਸਿਟੀ ਵਿੱਚ ਉਪ ਕੁਲਪਤੀ ਨਿਯੁੱਕਤ ਕੀਤਾ ਗਿਆ, ਜਿੱਥੋਂ ਉਹ 1993 ਵਿੱਚ ਸੇਵਾ ਮੁਕਤ ਹੋਏ। ਉਨ੍ਹਾਂ ਦੇ ਸਮੇਂ ਯੂਨੀਵਰਸਿਟੀ ਨੇ ਕਈ ਖੇਤਰਾਂ ਵਿਚ ਮੱਲਾਂ ਮਾਰੀਆਂ।ਉਨ੍ਹਾਂ ਨੇ ਕਣਕ, ਤਿੱਲ, ਬਾਜਰਾ, ਜੌਂ ਤੇ ਹੋਰ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਦੀ ਖੋਜ ਕੀਤੀ ਤੇ 475 ਦੇ ਕਰੀਬ ਖ਼ੋਜ ਪੱਤਰ ਤੇ ਲੇਖ ਲਿੱਖਣ ਤੋਂ ਇਲਾਵਾ 17 ਵਿਦਿਆਰਥੀਆਂ ਨੂੰ ਪੀ.ਐਚ.ਡੀ ਕਰਵਾਈ।
ਸੇਵਾ ਮੁਕਤੀ ਪਿੱਛੋਂ ਉਨ੍ਹਾਂ ਨੇ ਉਨ੍ਹਾਂ ਨੇ ਆਪਣੀ ਜਿੰਦਗੀ ਪੰਜਾਬ, ਪੰਜਾਬੀਅਤ ਤੇ ਸਿੱਖੀ ਨੂੰ ਪ੍ਰਫ਼ੁਲਤ ਕਰਨ ਲਈ ਬੜੂ ਸਾਹਿਬ ਐਜ਼ੂਕੇਸ਼ਨ ਟਰੱਸਟ ਨਾਲ ਜੁੜ ਕੇ ਲਾ ਦਿੱਤੀ। ਉੁਹ ਪਰਕਸ ਦੇ ਕਈ ਸਮਾਗਮਾਂ ਦੀ ਸ਼ਾਨ ਵੀ ਬਣੇ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੰਜਾਬੀ ਜਗਤ ਨੂੰ ਕਦੇ ਨਾ ਪੂਰਾ ਕੀਤਾ ਜਾਣਾ ਵਾਲਾ ਘਾਟਾ ਪਿਆ ਹੈ ਤੇ ਪੰਜਾਬੀ ਸਾਹਿਤ ਜਗਤ ਇੱਕ ਵਿਦਵਾਨ ਤੋਂ ਵਾਂਝਾ ਹੋ ਗਿਆ ਹੈ।ਭਾਵੇਂ ਉਹ ਸਾਡੇ ਵਿਚ ਨਹੀਂ ਰਹੇ, ਪਰ ਉਨ੍ਹਾਂ ਦੀਆਂ ਰਚਨਾਵਾਂ ਅਤੇ ਕੀਤੇ ਕਾਰਜ ਉਨ੍ਹਾਂ ਦੀ ਯਾਦ ਨੂੰ ਹਮੇਸ਼ਾਂ ਕਾਇਮ ਰੱਖਣਗੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media