ਪੰਜਾਬ ਦੀ ਬੋਲੀ ਪੰਜਾਬੀ ਸੀ, ਪੰਜਾਬੀ ਹੈ ਅਤੇ ਪੰਜਾਬੀ ਹੀ ਰਹੇਗੀ – ਪੰਜਾਬੀ ਪ੍ਰੇਮੀ
ਭੀਖੀ, 19 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਸਰਦੂਲਗੜ੍ਹ ਵਿਖੇ ਇਲਾਕੇ ਦੇ ਪੰਜਾਬੀ ਪ੍ਰੇਮੀਆਂ ਨੇ ਮਾਂ ਬੋਲੀ ਦੇ ਹੱਕ ਵਿਚ ਜਾਗਰੂਕਤਾ ਰੈਲੀ ਕੀਤੀ।ਇਸ ਮਾਂ ਬੋਲੀ ਰੈਲੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਭਾਰਤ ਦੇ ਗ੍ਰਹਿ ਮੰਤਰੀ ਮੰਤਰੀ ਅਮਿਤ ਸ਼ਾਹ ਦਾ ਜੋ ਬਿਆਨ ਆਇਆ ਉਹ ਤੰਗ ਸੋਚ ਵਾਲੇ ਲੋਕਾਂ ਦੀ ਸੋਚ ਦਾ ਪ੍ਰਗਟਾਵਾ ਹੈ।
ਇਸ ਤਰ੍ਹਾਂ ਦੀ ਸੋਚ ਸਮਾਜ ਨੂੰ ਵੱਡੀਆਂ ਮੁਸੀਬਤਾਂ ਵੱਲ ਧੱਕ ਸਕਦੀ ਹੈ।ਇਸ ਦੇ ਨਾਲ ਹੀ ਭਾਸ਼ਾ ਵਿਭਾਗ ਪਟਿਆਲਾ ਵਿਖੇ ਜਿਵੇਂ ਪੰਜਾਬੀ ਦੇ ਪ੍ਰਸਿੱਧ ਲੇਖਕ ਨੂੰ ਆਪਣੀ ਬੋਲੀ ਵਿੱਚ ਗੱਲ ਕਰਨ ਤੋਂ ਹੰਕਾਰ ਭਰੇ ਢੰਗ ਨਾਲ ਰੋਕਣਾ ਆਉਣ ਵਾਲੇ ਸਮੇਂ ਬਾਰੇ ਦੱਸਦਾ ਹੈ।
ਪੰਜਾਬੀ ਮਾਂ ਬੋਲੀ ਦੇ ਪਹਿਰੇਦਾਰਾਂ ਨੇ ਕਿਹਾ ਉਹ ਇਸ ਵੰਗਾਰ ਨੂੰ ਸਵੀਕਾਰ ਕਰਦੇ ਹੋਏ ਅੱਜ ਰੈਲੀ ਕਰ ਰਹੇ ਹਾਂ।ਉਹ ਆਪਣੀ ਮਾਂ ਬੋਲੀ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ। ਉਹ ਕਿਸੇ ਭਾਸ਼ਾ ਦੇ ਵਿਰੁੱਧ ਨਹੀਂ, ਪਰ ਜੋ ਸਾਡੀ ਬੋਲੀ ਦੇ ਵਿਰੋਧ `ਚ ਖੜ੍ਹਦੇ ਨੇ ਉਹ ਉਹਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਇਸ ਦੇ ਨਤੀਜੇ ਬੜੇ ਭਿਆਨਕ ਨਿਕਲਣਗੇ।ਪੰਜਾਬ ਦੀ ਬੋਲੀ ਪੰਜਾਬੀ ਸੀ, ਪੰਜਾਬੀ ਹੈ ਅਤੇ ਪੰਜਾਬੀ ਹੀ ਰਹੇਗੀ।
ਬੁਲਾਰਿਆਂ ਨੇ ਪੰਜਾਬੀਆਂ ਨੂੰ ਸੁਚੇਤ ਕੀਤਾ ਕਿ ਉਹ ਆਪਣੀ ਬੋਲੀ ਲਈ ਹਰ ਪੱਧਰ `ਤੇ ਯਤਨ ਕਰਨ।ਫੋਨ ਕਰਨ ਵਾਲੀਆਂ ਕੰਪਨੀਆਂ ਨੂੰ ਪੰਜਾਬੀ ਵਿੱਚ ਗੱਲ ਕਰਨ ਨੂੰ ਕਹਿਣਾ ਚਾਹੀਦਾ ਹੈ।ਵੱਖ ਵੱਖ ਕੰਪਨੀਆਂ ਤੋਂ ਉਹਨਾਂ ਦੇ ਸਮਾਨ ਦੀ ਜਾਣਕਾਰੀ ਪੰਜਾਬੀ ਵਿੱਚ ਮੰਗਣੀ ਚਾਹੀਦੀ ਹੈ।ਹਸਤਾਖਰ ਹਮੇਸ਼ਾਂ ਪੰਜਾਬੀ ਵਿੱਚ ਕਰਨੇ ਚਾਹੀਦੇ ਹਨ। ਆਪਣੀ ਨਿੱਤ ਦੀ ਬੋਲ ਚਾਲ ਵਿੱਚ ਹੋਰ ਭਾਸ਼ਾਵਾਂ ਦੇ ਸ਼ਬਦਾਂ ਦੀ ਘੁਸਪੈਠ ਨਹੀਂ ਹੋਣ ਦੇਣੀ ਚਾਹੀਦੀ।ਜਾਗਰੂਕਤਾ ਹੀ ਇਕੋ ਇਕੋ ਉਪਾਅ ਹੈ ਜੋ ਸਾਡੀ ਬੋਲੀ ਸਾਡੇ ਭਵਿੱਖ ਨੂੰ ਬਚਾਅ ਸਕਦਾ ਹੈ।ਸ਼ਹਿਰ ਵਿਚ ਮਾਂ ਬੋਲੀ ਜਾਗਰੂਕਤਾ ਮਾਰਚ ਕੀਤਾ ਗਿਆ।ਇਸ ਤੋਂ ਬਾਅਦ ਪੰਜਾਬੀ ਪ੍ਰੇਮੀ ਆਪਣੇ ਹੱਥਾਂ ਵਿੱਚ ਮਾਂ ਬੋਲੀ ਦੇ ਹੱਕ `ਚ ਲਿਖੇ ਪਰਚੇ ਫੜ ਕੇ ਸੜਕ `ਤੇ ਖੜ੍ਹੇ ਹੋਏ।
ਇਸ ਮੌਕੇ ਪ੍ਰੋ. ਬਲਜੀਤਪਾਲ ਸਿੰਘ, ਬਿਕਰਜੀਤ ਸਿੰਘ ਸਾਧੂਵਾਲਾ, ਹੁਸ਼ਿਆਰ ਸਿੰਘ ਝੰਡਾ ਕਲਾਂ, ਸੰਦੀਪ ਸਿੰਘ, ਬੱਗਾ ਸਿੰਘ, ਜਗਸੀਰ ਸਿੰਘ ਮੀਰਪੁਰ, ਜਗਤਾਰ ਸਿੰਘ ਝੰਡੂਕੇ, ਗੁਰਤੇਜ ਸਿੰਘ, ਮਨਦੀਪ ਸਿੰਘ ਸਰਦੂਲਗੜ੍ਹ, ਲਖਵਿੰਦਰ ਸਿੰਘ ਸਰਦੂਲਗੜ੍ਹ, ਕਾਮਰੇਡ ਲਾਲ ਚੰਦ, ਸੁਖਵਿੰਦਰ ਸਿੰਘ ਰਾਮਗੜੀਆ, ਮੇਜਰ ਸਿੰਘ ਜਟਾਣਾ, ਸ਼ਿਵਰਾਜ ਸਿੰਘ ਝੋਰੜ, ਮੇਜਰ ਸਿੰਘ ਨਾਹਰਾ, ਅਵਤਾਰ ਸਿੰਘ ਜਟਾਣਾ, ਗੁਰਵਿੰਦਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media