ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੂੰਜੀ ਦੇ ਫੈਲਾਉ ਅਤੇ ਖੁਲ੍ਹੀਆਂ ਵਪਰਕ ਮੰਡੀਆਂ ਨੇ ਮਾਨਵੀ
ਕਦਰਾਂ ਕੀਮਤਾਂ ਨੂੰ ਵੱਡੀ ਢਾਹ ਲਾਈ ਹੈ।ਇਸ ਪਰਿਵਰਤਨ ਨੇ ਮਨੁੱਖੀ ਹੋਂਦ ਅੱਗੇ ਨਵੀਂਆਂ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ ਜਿਨ੍ਹਾਂ ਦੇ ਉਪਰ ਬੁੱਧੀਜੀਵੀਆਂ ਨੂੰ ਚਿੰਤਤ ਹੋਣਾ ਪੈ ਰਿਹਾ ਹੈ।
‘ਸਾਹਿਤ ਅਤੇ ਮਨੁੱਖੀ ਕਦਰਾਂ ਕੀਮਤਾਂ’ ਦੇ ਵਿਸ਼ੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸ਼ੁਰੂ ਹੋਈ ਇਕ ਹਫਤੇ ਦੀ ਕੌਮੀ ਵਰਕਸ਼ਾਪ ਵਿਚ ਇਹ ਗੱਲ ਉਭਰ ਕੇ ਸਾਹਮਣੇ ਆਈ।ਵਰਕਸ਼ਾਪ ਦੇ ਉਦਘਟਨੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪੁਜੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਰਜਿਸਟਰਾਰ ਡਾ. ਕੇ.ਅੇੈਸ ਕਾਹਲੋਂ ਨੇ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਤੋਂ ਬਿਨ੍ਹਾਂ ਸਾਡਾ ਸਮਾਜ ਖੋਖਲਾ ਹੋ ਜਾਵੇਗਾ ।ਉਨ੍ਹਾਂ ਕਿਹਾ ਜਿਨ੍ਹਾਂ ਚਿਰ ਤੱਕ ਵਿਦਿਆਰਥੀਆਂ ਦੇ ਵਿਚ ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ ਨਹੀਂ ਦੱਸੀ ਜਾਂਦੀ ਉਨ੍ਹਾਂ ਚਿਰ ਤੱਕ ਉਨ੍ਹਾਂ ਦੀ ਪੜ੍ਹਾਈ ਅਧੂਰੀ ਹੈ ।ਉਨ੍ਹਾਂ ਨੇ ਕਿਹਾ ਹਮੇਸ਼ਾ ਤੋਂ ਹੀ ਸਾਹਿਤ ਵਿਚ ਲੇਖਕਾਂ ਵਲੋਂ ਇਸ ਗੱਲ ਤੇ ਆਪਣੀਆਂ ਸਾਹਿਤਕ ਰਚਨਾਵਾਂ ਵਿਚ ਜ਼ੋਰ ਦਿੱਤਾ ਜਾਂਦਾ ਰਿਹਾ ਹੈ ਕਿ ਬਿਨਾਂ ਕਦਰਾਂ ਕੀਮਤਾਂ ਦੇ ਮਨੂੱਖ ਅਧੂਰਾ ਹੈ ਅਤੇ ਸਮਾਜ ਦੇ ਲਈ ਘਾਤਕ ਸਾਬਤ ਹੁੰਦਾ ਹੈ ਉਨ੍ਹਾਂ ਨੇ ਪ੍ਰਬੰਧਕਾਂ ਵਲੋਂ ਇਸ ਵਿਸ਼ੇ ਤੇ ਰੱਖੀ ਇਕ ਹਫਤਾ ਦੀ ਵਰਕਸ਼ਾਪ ਦੀ ਸ਼ਾਲਘਾ ਕਰਦਿਆਂ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਵਰਕਸ਼ਾਪ ਦੌਰਾਨ ਇਸ ਵਿਸ਼ੇ ਦੀਆਂ ਬਾਰੀਕੀਆਂ ਵਿਚ ਜਾਣ ਅਤੇ ਮਨੁੱਖ ਜਾਤੀ ਨੂੰ ਆਉਣ ਵਾਲੀਆਂ ਚੁਣੌਤੀਆਂ ਤੇ ਫੋਕਸ ਕਰਨ ।ਉਨ੍ਹਾਂ ਨੇ ਆਸ ਪਰਗਟ ਕੀਤੀ ਕਿ ਇਹ ਵਰਕਸ਼ਾਪ ਨਾ ਸਿਰਫ ਉਨ੍ਹਾਂ ਲਈ ਸਗੋਂ ਸਮਾਜ ਲਈ ਇਕ ਸੰਜੀਵਨੀ ਵਰਕਸ਼ਾਪ ਸਬਾਤ ਹੋਵੇਗੀ।ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਪੰਡਿਤ ਮਦਾਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਆਨ ਟੀਚਰਜ਼ ਐਂਡ ਟ੍ਰੇਨਿੰਗ ਸਕੀਮ ਅਧੀਨ ਸ਼ੁਰੂ ਹੋਈ।ਇਸ ਵਰਕਸ਼ਾਪ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਅਧਿਆਪਕ ਹਿੱਸਾ ਲੈ ਰਿਹਾ ਹਨ।ਪ੍ਰੋ: ਕੇ.ਐੱਸ. ਕਾਹਲੋਂ ਦਾ ਸਵਾਗਤ ਕਰਦਿਆਂ ਐਫ.ਡੀ.ਸੀ ਦੇ ਪ੍ਰੋਜੈਕਟ ਕੋਆਰਡੀਨੇਟਰ ਪ੍ਰੋ. ਆਦਰਸ਼ ਪਾਲ ਵਿਗ ਨੇ ਜਿਥੇ ਇਸ ਸੈਂਟਰ ਅਤੇ ਵਰਕਸ਼ਾਪ ਦੀ ਕਾਰਗੁਜਾਰੀ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਇਸਦਾ ਮੁੱਖ ਮੱਕਸਦ ਅਧਿਆਪਕਾਂ ਦੇ ਵਿਚ ਸਮੇਂ ਸਮੇਂ ਨਾਲ ਅਧਿਅਪਨ ਅਤੇ ਹੋਰ ਖੇਤਰਾਂ ਵਿਚ ਆ ਰਹੀਆਂ ਤਬਦੀਲੀਆਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕਰਨਾ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਅਧੁਨਿਕ ਲੋੜਾਂ ਅਨੁਸਾਰ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣੇ ਸਕਣ।ਉਨ੍ਹਾਂ ਨੇ ਕਿਹਾ ਕਿ ਉਹ ਕਾਰਜ ਕਦੇ ਵੀ ਸਹੀ ਸਾਬਤ ਨਹੀਂ ਹੋ ਸਕਦਾ ਜੋ ਸਮਾਜ ਲਈ ਘਾਤਕ ਹੋਵੇੇ।ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਸ ਸਮਾਜ ਦਾ ਹਿੱਸਾ ਹਾਂ ਅਤੇ ਅਧਿਆਪਕ ਵਰਗ ਦੇ ਮੋਢਿਆਂ ਤੇ ਇਸ ਸਮਾਜ ਨੂੰ ਬਹਿਤਰ ਬਣਾਉਣ ਦੀ ਖਾਸ ਜਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿੱਚ ਸਮੇਂ ਨਾਲ ਪਰਖੀਆਂ ਗਈਆਂ ਨੈਤਿਕ, ਮਨੁੱਖੀ ਕਦਰਾਂ ਕੀਮਤਾਂ ਦਾ ਤੇਜ਼ੀ ਨਾਲ ਨਿਘਾਰ ਸਮੁੱਚੇ ਗਿਆਨਵਾਨ ਭਾਈਚਾਰੇ ਲਈ ਚਿੰਤਾ ਦਾ ਕਾਰਨ ਹੋਣਾ ਚਾਹੀਦਾ ਹੈ।
ਵਰਕਸ਼ਾਪ ਦੇ ਕੋਆਰਡੀਨੇਟਰ ਸੁਨੀਲ ਕੁਮਾਰ ਨੇ ਇਸ ਮੌਕੇ ਹਿੰਦੀ ਸਾਹਿਤ ਦੇ ਹਵਾਲਿਆਂ ਨਾਲ ਦੱਸਿਆ ਕਿ ਸਹਿਤ ਨੇ ਹਮੇਸ਼ਾਂ ਹੀ ਸਮਾਜ ਨੂੰ ਉਚਾ ਚੁੱਕਣ ਦੇ ਲਈ ਮੋਹਰੀ ਰੋਲ ਅਦਾ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਜਿੰਨ੍ਹੀਆਂ ਵੀ ਸਮਾਜਿਕ ਕ੍ਰਾਂਤੀਆਂ ਨੇ ਜਨਮ ਲਿਆ ਹੈ ਉਸ ਵਿਚ ਸਹਿਤ ਨੇ ਪ੍ਰਮੁੱਖ ਭੁੂਮਿਕਾ ਨਿਭਾਈ ਹੈ।ਉਨ੍ਹਾਂ ਕਦਰਾਂ ਕੀਮਤਾਂ ਤੋਂ ਵਾਂਝੀ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਦੀ ਲੋੜ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਚੁਣੌਤੀ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣਾ ਕੰਮ ਕਰਨਾ ਪਵੇਗਾ।ਉਨ੍ਹਾਂ ਕਿਹਾ ਕਿ ਮਨੁੱਖੀ ਸਭਿਅਤਾ ਇਸ ਤੱਥ ਦੀ ਗਵਾਹੀ ਭਰਦੀ ਹੈ ਕਿ ਲੇਖਕ, ਚਿੰਤਕ, ਦਾਰਸ਼ਨਿਕ, ਸਮਾਜ ਸੇਵੀ ਅਤੇ ਹੋਰ ਜਾਗਰੂਕ ਭਾਈਚਾਰੇ ਨੇ ਹਮੇਸ਼ਾਂ ਸਮਾਜਿਕ-ਰਾਜਨੀਤਿਕ ਇਨਕਲਾਬ ਲਿਆਉਣ ਵਿਚ ਵੱਡਾ ਯੋਗਦਾਨ ਪਾਇਆ ਹੈ।ਹਿੰਦੀ ਵਿਭਾਗ ਦੀ ਮੁਖੀ ਅਤੇ ਡੀਨ ਫੈਕਲਟੀ ਡਾ. ਸੁਧਾ ਜਿਤੇਂਦਰ ਨੇ ਤਰਕ ਦੇ ਨਾਲ ਦੱਸਿਆ ਕਿ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਬੇਮਿਸਾਲ ਉਨਤੀ ਦੇ ਇਸ ਯੁੱਗ ਵਿੱਚ ਭਾਸ਼ਾ ਅਤੇ ਸਾਹਿਤ ਦੇ ਰੋਲ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ ।
Punjab Post Daily Online Newspaper & Print Media