ਵਿਧਾਇਕ ਦਲਵੀਰ ਸਿੰਘ ਗੋਲਡੀ, ਏ.ਡੀ.ਸੀ ਸਮੇਤ ਹੋਰਾਂ ਵਲੋਂ ਸ਼ਰਧਾਂਜਲੀਆਂ ਭੇਟ
ਧੂਰੀ, 20 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬ ਦੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸਵ: ਸੁਰਿੰਦਰ ਸਿੰਘ ਧੂਰੀ ਦਾ ਅੰਤਿਮ ਸੰਸਕਾਰ ਰਾਮ ਬਾਗ ਧੂਰੀ ਵਿਖੇ ਪੂਰੀਆਂ ਧਾਰਮਿਕ ਰਹੁ-ਰੀਤਾਂ ਨਾਲ ਕੀਤਾ ਗਿਆ।ਸਵ: ਸੁਰਿੰਦਰ ਸਿੰਘ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਸਨ ਅਤੇ ਪੀ.ਜੀ.ਆਈ ਵਿਖੇ ਜ਼ੇਰੇ ਇਲਾਜ ਸਨ, ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ।ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਹਰਕਮਲਪ੍ਰੀਤ ਸਿੰਘ ਨੇ ਦਿਖਾਈ।ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਸਰਕਾਰ ਦੀ ਤਰਫੋਂ ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ।ਵਿਛੜੀ ਰੂਹ ਨੂੰ ਵੱਡੀ ਗਿਣਤੀ ਵਿੱਚ ਸਿਆਸੀ, ਸਮਾਜਿਕ, ਧਾਰਮਿਕ ਤੇ ਪ੍ਰਸ਼ਾਸਨਿਕ ਸ਼ਖਸੀਅਤਾਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਨੇਹੀਆਂ ਨੇ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਦੀ ਤਰਫੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼ੁਭਾਸ਼ ਚੰਦਰ, ਐਸ.ਐਸ.ਪੀ ਦੀ ਤਰਫੋਂ ਡੀ.ਐਸ.ਪੀ ਰਛਪਾਲ ਸਿੰਘ ਨੇ ਵੀ ਰੀਥਾਂ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਸਵ: ਸੁਰਿੰਦਰ ਸਿੰਘ ਨਮਿਤ ਅੰਤਿਮ ਅਰਦਾਸ 27 ਸਤੰਬਰ ਨੂੰ ਅਨਾਜ ਮੰਡੀ ਧੂਰੀ ਵਿਖੇ ਹੋਵੇਗੀ।
Punjab Post Daily Online Newspaper & Print Media