ਕਿਹਾ ਸੂਬਾ ਸਰਕਾਰ ਪੰਜਾਬ ਦੀ ਸ਼ਾਂਤੀ ਕਾਇਮ ਰੱਖਣ ਲਈ ਪਾਕਿਸਤਾਨ ਦੀ ਹਰ ਚੁਣੌਤੀ ਦਾ ਜਵਾਬ ਦੇਣ ਲਈ ਤਿਆਰ
ਚੰਡੀਗੜ, 3 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸੂਬਾ ਸਰਕਾਰ ਪਾਕਿਸਤਾਨ ਤੋਂ ਅੱਤਵਾਦ
ਦੀ ਕਿਸੇ ਵੀ ਚੁਣੌਤੀ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਪੂਰੀ ਤਰਾਂ ਤਿਆਰ ਹੈ, ਪਰ ਇਸ ਮੁੱਦੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਪਵਿੱਤਰ ਮੌਕੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।
ਅੱਜ ਇਥੇ ਪੱਤਰਕਾਰਾਂ ਨਾਲ ਗੈਰ-ਰਸਮੀਂ ਗੱਲਬਾਤ ਦੌਰਾਨ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਦੋਵਾਂ ਮੁੱਦਿਆਂ ਨੂੰ ਆਪਸ ਵਿੱਚ ਨਹੀਂ ਜੋੜਿਆ ਜਾ ਸਕਦਾ।ਹਾਲ ਹੀ ਵਿੱਚ ਬਰਾਮਦ ਹੋਏ ਦੋ ਡਰੋਨ ਰਾਹੀਂ ਪਕਿਸਤਾਨ ਤੋਂ ਪੰਜਾਬ ਵਿੱਚ ਹਥਿਆਰਾਂ ਦੀ ਖੇਪ ਭੇਜਣ ਦੀਆਂ ਰਿਪੋਰਟਾਂ ਦੀ ਰੌਸ਼ਨੀ ਵਿੱਚ ਸਰਹੱਦ `ਤੇ ਤਣਾਅਪੂਰਨ ਮਾਹੌਲ ਬਾਰੇ ਪੁੱਛੇ ਜਾਣ `ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘੇ ਖੁੱਲਣ ਨਾਲ ਕੋਈ ਸਬੰਧ ਨਹੀਂ।ਇਹ ਪੁੱਛੇ ਜਾਣ `ਤੇ ਕਿ ਪ੍ਰਧਾਨ ਮੰਤਰੀ ਨਾਲ ਮੀਟਿੰਗ ਦੌਰਾਨ ਇਸ ਮਸਲੇ ਬਾਰੇ ਵਿਚਾਰ-ਵਟਾਂਦਰਾ ਹੋਇਆ ਤਾਂ ਮੁੱਖ ਮੰਤਰੀ ਨੇ ਆਖਿਆ ਕਿ ਉਹ ਪ੍ਰਧਾਨ ਮੰਤਰੀ ਨੂੰ ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਸੱਦਾ ਦੇਣ ਲਈ ਮਿਲੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਮਸਲੇ ਨਾਲ ਨਿਪਟ ਰਹੀ ਹੈ ਅਤੇ ਕਿਸੇ ਵੀ ਕੀਮਤ `ਤੇ ਪੰਜਾਬ ਵਿੱਚ ਅਮਨ-ਸ਼ਾਂਤੀ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਪੂਰੀ ਤਰਾਂ ਤਿਆਰ ਹੈ।ਉਨਾਂ ਕਿਹਾ, “ਅਸੀਂ ਸੂਬੇ ਦੀ ਅਮਨ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵਾਂਗੇ।“ਉਨਾਂ ਕਿਹਾ,“ਅਸੀਂ ਅਜਿਹਾ ਕਿਸੇ ਵੀ ਸੂਰਤ `ਚ ਨਹੀਂ ਹੋਣ ਦੇਵਾਂਗੇ ਅਤੇ ਸਾਨੂੰ ਇਸ ਵਿੱਚ ਕੋਈ ਸੰਦੇਹ ਨਹੀਂ ਕਿ ਅਸੀਂ ਅਜਿਹੀ ਸਥਿਤੀ ਦਾ ਟਾਕਰਾ ਕਰਨ ਲਈ ਪੂਰੀ ਤਰਾਂ ਤਿਆਰ ਹਾਂ।“
ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਡਰੋਨ ਦੀ ਘੁਸਪੈਠ ਦਾ ਪਤਾ ਲੱਗਣ ਦੇ ਮੱਦੇਨਜ਼ਰ ਉਨਾਂ ਨੇ ਭਾਰਤੀ ਹਵਾਈ ਫੌਜ ਅਤੇ ਬੀ.ਐਸ.ਐਫ ਨੂੰ ਸਰਹੱਦ `ਤੇ ਚੌਕਸੀ ਵਧਾਉਣ ਲਈ ਆਖਿਆ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media