Wednesday, August 12, 2026

ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ’ਤੇ ਭਾਈ ਲੌਂਗੋਵਾਲ ਨੂੰ ਇਤਰਾਜ਼

ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਆਰ.ਐਸ.ਐਸ ਦੇ ਮੁਖੀ ਮੋਹਨ ਭਾਗਵਤ ਵੱਲੋਂ ਨਾਗਪੁਰ ਵਿਚ ਦੁਸਹਿਰੇ ਮੌਕੇ ਇਕ ਸਮਾਗਮ Longowal4ਦੌਰਾਨ ਭਾਰਤ ਨੂੰ ਹਿੰਦੂ ਰਾਸ਼ਟਰ ਅਤੇ ਇਥੇ ਵੱਸਦੇ ਸਾਰੇ ਲੋਕਾਂ ਨੂੰ ਹਿੰਦੂ ਕਹਿਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਬਹੁ-ਕੌਮੀ ਅਤੇ ਬਹੁ-ਭਾਸ਼ਾਈ ਦੇਸ਼ ਹੈ। ਇਥੇ ਵੱਸਣ ਵਾਲੇ ਵੱਖ-ਵੱਖ ਧਰਮਾਂ ਦਾ ਇਤਿਹਾਸ, ਸਿਧਾਂਤ ਅਤੇ ਰਹਿਣੀ ਆਪੋ-ਆਪਣੇ ਵਿਧਾਨ ਅਨੁਸਾਰ ਹੈ।ਭਾਰਤੀ ਸੰਵਿਧਾਨ ਭਾਰਤ ਅੰਦਰ ਵੱਸਣ ਵਾਲੇ ਹਰ ਧਰਮ ਦੇ ਲੋਕਾਂ ਨੂੰ ਮੁਕੰਮਲ ਅਜ਼ਾਦੀ ਦਿੰਦਾ ਹੈ, ਪਰੰਤੂ ਹੈਰਾਨੀ ਦੀ ਗੱਲ ਹੈ ਕਿ ਆਰ.ਐਸ.ਐਸ ਮੁਖੀ ਜਾਣਬੁਝ ਕੇ ਦੇਸ਼ ਦੇ ਸੰਵਿਧਾਨ ਨੂੰ ਅੱਖੋ-ਉਹਲੇ ਕਰਕੇ ਹਿੰਦੂ ਰਾਸ਼ਟਰ ਦਾ ਏਜੰਡਾ ਦੇਸ਼ ’ਤੇ ਠੋਸ ਰਿਹਾ ਹੈ।ਉਨ੍ਹਾਂ ਆਖਿਆ ਕਿ ਭਾਰਤ ਅੰਦਰ ਵੱਖ-ਵੱਖ ਧਰਮਾਂ ਦੀ ਵੰਨ-ਸੁਵੰਨਤਾ ਹੀ ਇਸ ਦੀ ਪਛਾਣ ਹੈ ਅਤੇ ਇਹ ਵੀ ਸੱਚ ਹੈ ਕਿ ਦੇਸ਼ ਦੇ ਸੱਭਿਆਚਾਰ ਨੂੰ ਬਚਾਉਣ ਲਈ ਹਰ ਧਰਮ ਦੇ ਲੋਕਾਂ ਦਾ ਯੋਗਦਾਨ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇਕਰ ਇਕੱਲੇ ਸਿੱਖ ਧਰਮ ਦੀ ਹੀ ਗੱਲ ਕਰੀਏ ਤਾਂ ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ।ਇਹ ਹਿੱਸਾ 80 ਫੀਸਦੀ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਆਪਣੀ ਵਿਲੱਖਣਤਾ ਹੈ, ਇਸ ਦੇ ਸਿਧਾਂਤ ਅਤੇ ਮਰਯਾਦਾ ਨਿਰਾਲੀ ਹੈ। ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਦੇਸ਼ ਵਿਚ ਵੱਸਣ ਵਾਲੇ ਸਿੱਖਾਂ ਸਣੇ ਹੋਰ ਵੱਖ-ਵੱਖ ਕੌਮਾਂ ’ਤੇ ਹਿੰਦੂ ਰਾਸ਼ਟਰ ਦਾ ਪ੍ਰਭਾਵ ਪਾਇਆ ਜਾਵੇ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੋਹਨ ਭਾਗਵਤ ਨੂੰ ਅਜਿਹੇ ਬਿਆਨਾਂ ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਭਾਰਤ ਅੰਦਰ ਵੱਸਣ ਵਾਲੇ ਹਰ ਧਰਮ ਦੀ ਆਪੋ-ਆਪਣੀ ਪਛਾਣ ਹੈ ਅਤੇ ਇਸ ਨੂੰ ਰਲਗਡ ਕਰਨ ਦੀ ਕੋਸ਼ਿਸ਼ ਕਰਨਾ ਚਲਾਕੀ ਤਾਂ ਹੋ ਸਕਦੀ ਹੈ, ਪਰ ਸਮਝਦਾਰੀ ਨਹੀਂ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply