2.5 ਕਿਲੋਮੀਟਰ ਦੀ ਵਾਕ ਦੌਰਾਨ ਗੁਰਧਾਮਾਂ ਦੇ ਇਤਿਹਾਸ ਬਾਰੇ ਵਿਦਵਾਨ ਦੇਣਗੇ ਜਾਣਕਾਰੀ
ਸੁਲਤਾਨਪੁਰ ਲੋਧੀ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ
ਸੰਗਤ ਨੂੰ ਗੁਰੂ ਸਾਹਿਬ ਜੀ ਦੇ ਫਲਸਫੇ ਤੋਂ ਜਾਣੂ ਕਰਵਾਉਣ ਤੇ ਵਿਸ਼ੇਸ਼ ਕਰਕੇ ਵਾਤਾਵਰਣ ਦੀ ਸੰਭਾਲ ਦਾ ਸੱਦਾ ਦੇਣ ਦੇ ਮੰਤਵ ਨਾਲ ‘ਹੈਰੀਟੇਜ ਵਾਕ’ ਕਰਵਾਈ ਜਾ ਰਹੀ ਹੈ।
ਸੂਬੇ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਜਿਲ੍ਹਾ ਪ੍ਰਸ਼ਾਸ਼ਨ ਤੇ ਪਟਿਆਲਾ ਫਾੳੂਂਡੇਸ਼ਨ ਵਲੋਂ ਸਾਂਝੇ ਯਤਨਾਂ ਨਾਲ 3 ਨਵੰਬਰ ਨੂੰ ਕਰਵਾਈ ਜਾ ਰਹੀ ‘ਹੈਰੀਟੇਜ ਵਾਕ’ ਸੁਲਤਾਨਪੁਰ ਲੋਧੀ ਦੇ ਸ਼ਹੀਦ ੳੂਧਮ ਸਿੰਘ ਚੌਂਕ ਤੋਂ ਸਵੇਰੇ 7 ਵਜੇ ਸ਼ੁਰੂ ਹੋਵੇਗੀ, ਜੋ ਕਿ ਸ਼ਹਿਰ ਵਿਚ ਸਥਿਤ ਵੱਖ-ਵੱਖ ਗੁਰੂਧਾਮਾਂ ਗੁਰੂ ਕਾ ਬਾਗ, ਗੁਰਦੁਆਰਾ ਅੰਤਰਯਾਮਤਾ ਸਾਹਿਬ, ਗੁਰਦੁਆਰਾ ਬੇਬੇ ਨਾਨਕੀ ਜੀ, ਗੁਰਦੁਆਰਾ ਹੱਟ ਸਾਹਿਬ ਤੋਂ ਬਾਅਦ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਮਾਪਤ ਹੋਵੇਗੀ।
ਡਿਪਟੀ ਕਮਿਸ਼ਨਰ ਕਪੂਰਥਲਾ ਇੰਜ.ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਹੈਰੀਟੇਜ ਵਾਕ ਦੌਰਾਨ ਵੱਡੀ ਗਿਣਤੀ ‘ਚ ਸੰਗਤ ਵਲੋਂ ਸ਼ਿਰਕਤ ਕੀਤੇ ਜਾਣ ਦੇ ਮੱਦੇਨਜ਼ਰ ਅੰਦਰੂਨੀ ਸ਼ਹਿਰ ਦੀ ਸਾਫ ਸਫਾਈ ਤੇ ਸੁਚਾਰੂ ਆਵਜਾਈ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਜਿਥੇ ਸੰਗਤ ਦੇ ਸਵਾਗਤ ਲਈ ਹੈਰੀਟੇਜ਼ ਵਾਕ ਦੇ ਰੂਟ ‘ਤੇ ਵੱਡ ਅਕਾਰੀ ਰੰਗੋਲੀਆਂ ਵੀ ਬਣਾਈਆਂ ਜਾ ਰਹੀਆਂ ਹਨ ਉਥੇ ਹੀ ਸੰਗਤ ‘ਤੇ ਫੁੱਲਾਂ ਦੀ ਵਰਖਾ ਵੀ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਵੀ ਆਹਲੂਵਾਲੀਆ ਦੀ ਅਗਵਾਈ ਵਾਲੀ ਪਟਿਆਲਾ ਫਾੳੂਂਡੇਸ਼ਨ ਦੇ 250 ਦੇ ਕਰੀਬ ਵਲੰਟੀਅਰਾਂ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਕਾਲਜਾਂ ਦੇ ਦਿਵਿਆਰਥੀਆਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਹੈਰੀਟੇਜ਼ ਵਾਕ ਵਿਚ ਸ਼ਿਰਕਤ ਕੀਤੀ ਜਾਵੇਗੀ।ਵਾਕ ਦੌਰਾਨ ਜਿਥੇ ਮਾਹਿਰਾਂ ਵਲੋਂ ਸੰਗਤ ਨੂੰ ਸ਼ਹਿਰ ਦੇ ਵੱਖ-ਵੱਖ ਇਤਿਹਾਸਕ ਧਾਰਮਿਕ ਅਸਥਾਨਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਉਥੇ ਹੀ ਹੋਰਨਾਂ ਪੁਰਾਤਨ ਇਮਾਰਤਾਂ ਦੇ ਇਤਿਹਾਸ ਤੇ ਮਹੱਤਤਾ ਬਾਰੇ ਵੀ ਦਸਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੈਰੀਟੇਜ਼ ਵਾਕ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ, ਤਾਂ ਜੋ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਦਾ ਹਿੱਸਾ ਬਣ ਸਕੀਏ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media